ਐਸ.ਏ.ਐਸ ਨਗਰ ਦੇ ਬਿਲਡਰਾਂ ਵੱਲੋਂ ਹਰਭਜਨ ਸਿੰਘ ਈ.ਟੀ.ਓ. ਨਾਲ ਮੁਲਾਕਾਤ
ਬਿਜਲੀ ਮੰਤਰੀ ਨੇ ਅਣਅਧਿਕਾਰਿਤ ਕਲੌਨੀਆਂ ਵਿੱਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਮੰਗ ‘ਤੇ ਛੇਤੀ ਫੈਸਲਾ ਲੈਣ ਦਾ ਭਰੋਸਾ ਦਿੱਤਾ
ਚੰਡੀਗੜ੍ਹ, 2 ਫ਼ਰਵਰੀ(ਵਿਸ਼ਵ ਵਾਰਤਾ)-ਪੰਜਾਬ ਦੀਆਂ ਅਣਅਧਿਕਾਰਿਤ ਕਲੌਨੀਆਂ ਵਿੱਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਸੰਬੰਧੀ ਛੇਤੀ ਹੀ ਫੈਸਲਾ ਲਿਆ ਜਾਵੇਗਾ।
ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਏ.ਐਸ ਨਗਰ ਦੇ ਡਿਵਾਈਨ ਵਰਲਡ ਹੋਮ ਵੈਲਫੇਅਰ ਸੁਸਾਇਟੀ ਸਮੇਤ ਹੋਰ ਵੱਖ-ਵੱਖ ਬਿਲਡਰਾਂ ਨੇ ਅੱਜ ਅਣਅਧਿਕਾਰਿਤ ਕਲੌਨੀਆ ਵਿੱਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਉਨ੍ਹਾਂ ਅਣਅਧਿਕਾਰਿਤ ਕਲੌਨੀਆ ਵਿੱਚ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੇ ਬਿਲਡਰਾਂ ਵੱਲੋਂ ਪੀ.ਐਸ.ਪੀ.ਸੀ.ਐਲ. ਤੋਂ ਐਨ.ਓ.ਸੀ. ਨਹੀਂ ਲਈ ਗਈ ਹੈ। ਬਿਜਲੀ ਮੰਤਰੀ ਨੇ ਬਿਲਡਰਾਂ ਨੂੰ ਇਸ ਮਸਲੇ ਨੂੰ ਛੇਤੀ ਵਿਚਾਰਨ ਦਾ ਭਰੋਸਾ ਦਿੱਤਾ।
ਇਸ ਮੀਟਿੰਗ ਵਿੱਚ ਪੀ.ਐਸ.ਪੀ.ਸੀ.ਐਲ. ਦੇ ਦੱਖਣ ਜ਼ੋਨ ਦੇ ਮੁੱਖ ਇੰਜੀਨੀਅਰ, ਨਿਗਰਾਨ ਇੰਜੀਨੀਅਰ ਵੰਡ ਹਲਕਾ ਮੋਹਾਲੀ, ਖਰੜ, ਜ਼ੀਰਕਪੁਰ ਮੰਡਲ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਤੇ ਜ਼ੀਰਕਪੁਰ, ਖਰੜ ਅਤੇ ਬਨੂੜ ਦੇ ਵੱਖ-ਵੱਖ ਬਿਲਡਰ ਸ਼ਾਮਲ ਸਨ।