ਟੀ-20 ਸੀਰੀਜ਼ ; ਭਾਰਤ ਬਨਾਮ ਨਿਊਜ਼ੀਲੈਂਡ- ਮੈਚ ਦੂਜਾ
ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
ਦੀਪਕ ਹੁੱਡਾ ਨੇ ਲਈਆਂ 4 ਵਿਕਟਾਂ,ਪੜ੍ਹੋ ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 20ਨਵੰਬਰ(ਵਿਸ਼ਵ ਵਾਰਤਾ)-ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਮਾਊਂਟ ਮੌਂਗਾਨੁਈ ਦੇ ਬੇ ਓਵਲ ਮੈਦਾਨ ‘ਤੇ ਖੇਡੇ ਗਏ ਦੂਜੇ ਟੀ-20 ਮੈਚ ‘ਚ ਕੀਵੀ ਟੀਮ ਨੂੰ 65 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅੱਜ ਸੂਰਿਆਕੁਮਾਰ ਯਾਦਵ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਉਸ ਨੇ 51 ਗੇਂਦਾਂ ‘ਤੇ 111 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸੂਰਿਆ ਨੇ ਇਸ ਸਾਲ ਦੀ ਸ਼ੁਰੂਆਤ ‘ਚ ਇੰਗਲੈਂਡ ਖਿਲਾਫ ਸੈਂਕੜਾ ਲਗਾਇਆ ਸੀ। ਉਸ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ।
ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 126 ਦੌੜਾਂ ‘ਤੇ ਆਲ ਆਊਟ ਹੋ ਗਈ। ਦੀਪਕ ਹੁੱਡਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਯੁਜਵੇਂਦਰ ਚਾਹਲ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਨਿਊਜ਼ੀਲੈਂਡ ਲਈ ਕਪਤਾਨ ਵਿਲੀਅਮਸਨ ਨੇ 52 ਗੇਂਦਾਂ ‘ਤੇ 61 ਦੌੜਾਂ ਬਣਾਈਆਂ। ਭਾਰਤੀ ਪਾਰੀ ਦੇ ਆਖਰੀ ਓਵਰ ਵਿੱਚ ਟਿਮ ਸਾਊਦੀ ਨੇ ਹਾਰਦਿਕ ਪੰਡਯਾ, ਦੀਪਕ ਹੁੱਡਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਇਹ ਉਸ ਦੇ ਟੀ-20 ਕਰੀਅਰ ਦੀ ਦੂਜੀ ਹੈਟ੍ਰਿਕ ਹੈ। ਇਸ ਤੋਂ ਪਹਿਲਾਂ ਉਸ ਨੇ ਪਾਕਿਸਤਾਨ ਖਿਲਾਫ ਇਹ ਕਾਰਨਾਮਾ ਕੀਤਾ ਸੀ।