ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੀਤੀ ਅਪੀਲ
ਸਿੱਧੂ ਦਾ ਨਾਮ ਰਾਜਨੀਤਿਕ ਹਿੱਤਾਂ ਲਈ ਨਾ ਵਰਤਿਆ ਜਾਵੇ
ਮਾਨਸਾ 14 ਜੂਨ(ਵਿਸ਼ਵ ਵਾਰਤਾ)-:ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਮ ਨੂੰ ਰਾਜਨੀਤਕ ਹਿਤਾਂ ਲਈ ਨਾ ਵਰਤਿਆ ਜਾਵੇ।
ਇਥੇ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਇਕ ਗੀਤ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਅਤੇ ਉਸ ਦੀ ਯਾਦਗਾਰ ( ਸਮਾਧ) ਦੀਆਂ ਤਸਵੀਰਾਂ ਨੂੰ ਜ਼ੋਰ ਦਾਰ ਢੰਗ ਨਾਲ ਵਿਖਾਇਆ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਮ ਨੂੰ ਰਾਜਨੀਤਕ ਹਿੱਤਾਂ ਲਈ ਨਾ ਵਰਤਿਆ ਜਾਵੇ। ਪਰਿਵਾਰ ਵੱਲੋਂ ਇਹ ਅਪੀਲ ਸਿੱਧੂ ਮੂਸੇਵਾਲਾ ਦੇ ਯੂ-ਟਿਊਬ ਚੈਨਲ ਉਤੇ ਕੀਤੀ ਗਈ ਹੈ ।ਬੇਸ਼ੱਕ ਅਪੀਲ ਵਿਚ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਾਰਟੀ ਦਾ ਨਾਮ ਨਹੀਂ ਲਿਆ ਗਿਆ ਹੈ ।
ਇਥੇ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਹਲਕੇ ਤੋਂ ਸਿੱਧੂ ਮੂਸੇਵਾਲਾ ਨੂੰ ਪਾਰਟੀ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਵਿਜੇ ਸਿੰਗਲਾ ਪਾਸੋਂ 63000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।