2022 ਦੇ ਚੋਣ ਪਿੜ ਲਈ ਨਵਜੋਤ ਸਿੰਘ ਸਿੱਧੂ ਹੀ ਸਭ ਕੁੱਝ ਨਹੀਂ : ਸੁਖਦੇਵ ਸਿੰਘ ਢੀਂਡਸਾ
ਪਟਿਆਲਾ, 2 ਅਪ੍ਰੈਲ (ਪਟਵਾਰੀ)-ਸੂਬੇ ਦੀਆਂ ਆਉਣ ਵਾਲੀਆਂ 2022 ਦੀਆਂ ਚੋਣਾਂ ਇਕੱਲੇ ਨਵਜੋਤ ਸਿੰਘ ਸਿੱਧੂ ਦੀ ਸ਼ਖ਼ਸੀਅਤ ਦੇ ਸਹਾਰੇ ਨਹੀਂ ਖੜ੍ਹੀਆਂ, ਹੁਣ ਲੋਕ ਰਾਜਨੀਤਕ ਤੌਰ ‘ਤੇ ਜਾਗਰੂਕ ਹੋ ਚੁੱਕੇ ਹਨ ਅਤੇ ਸਮਾਂ ਹੀ ਦੱਸੇਗਾ ਇਸ ਚੋਣ ਪਿੜ ਵਿੱਚ ਲੋਕ ਕਿਸ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪਟਿਆਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਸੂਬੇ ਭਰ ਵਿਚ ਬੈਠਕਾਂ ਦਾ ਦੌਰ ਜਾਰੀ ਹੈ ਅਤੇ ਪਾਰਟੀ ਨੂੰ ਮਜ਼ਬੂਤ ਕਰ ਲਈ ਰਾਜਨੀਤਕ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਵਕਤ ਆਉਣ ਦਿਓ ਤੁਸੀਂ ਵੇਖੋਗੇ ਕਿ ਬਾਦਲ ਪਰਿਵਾਰ ਵਿੱਚ ਆਪਣੇ ਹੀ ਪਾੜੇ ਹੋਰ ਵੱਧ ਜਾਣਗੇ। ਸ਼੍ਰੋਮਣੀ ਅਕਾਲੀ ਦਲ ਨੂੰ ਇੰਨੀ ਘਬਰਾਹਟ ਹੋਣ ਲੱਗ ਪਈ ਹੈ ਕਿ ਉਹ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨਣ ਵਿੱਚ ਰੁੱਝ ਗਏ ਹਨ ਅਤੇ ਪੈਸੇ ਦੇ ਦਮ ‘ਤੇ ਇਹ ਇਕੱਠ ਕਰਕੇ ਲੋਕ ਵਿਖਾਵਾ ਕਰ ਰਹੇ ਢੀਂਡਸਾ ਨੇ ਕਿਹਾ ਕਿ ਆਉਣ ਵਾਲੀਆਂ ਐੈੈੱਸ. ਜੀ. ਪੀ. ਸੀ. ਦੀਆਂ ਚੋਣਾਂ ਵਿਚ ਇਸ ਬਾਦਲ ਪਰਿਵਾਰ ਦਾ ਗਲਬਾ ਖ਼ਤਮ ਕੀਤਾ ਜਾਵੇਗਾ। ਕੈਪਟਨ ਸਰਕਾਰ ਵੱਲੋਂ ਮਹਿਲਾਵਾਂ ਨੂੰ ਫਰੀ ਸਫਰ ਦੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਚੋਣ ਲੁਭਾਊ ਨੀਤੀ ਹੈ ਅਤੇ ਹੌਲੀ ਹੌਲੀ ਇਹ ਪੀ. ਆਰ. ਟੀ. ਸੀ. ਅਤੇ ਰੋਡਵੇਜ਼ ਨੂੰ ਵੀ ਵੇਚ ਦੇਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੇ ਘਪਲੇ ਸਾਹਮਣੇ ਆਏ ਹਨ ਅਤੇ ਕਮੇਟੀ ਅਧੀਨ ਆਉਂਦੇ ਸਕੂਲ ਤੇ ਕਾਲਜ ਘਾਟੇ ਵਾਲੀ ਸਥਿਤੀ ‘ਚੋਂ ਗੁਜ਼ਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਬੀਰਦਵਿੰਦਰ ਸਿੰਘ, ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ ਅਤੇ ਹੋਰ ਬਹੁਤ ਸਾਰੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।