2014 ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਅਕਾਲੀ ਆਗੂ ਸਮੇਤ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ
ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ)- 2014 ਦੇ ਦੋ ਸਕੇ ਭਰਾਵਾਂ ਦੇ ਕਤਲ ਕੇਸ ਵਿੱਚ ਵਧੀਕ ਸੈਸ਼ਨ ਜੱਜ ਰਾਜਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਤੇ ਦੋ ਪੁਲੀਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂ ਕਿ ਇੱਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ। ਤਿੰਨਾਂ ਨੂੰ ਕਤਲ, ਆਰਮਜ਼ ਐਕਟ ਅਤੇ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ। 10 ਅਕਤੂਬਰ ਨੂੰ ਅਦਾਲਤ ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਏਗੀ। ਪ੍ਰਾਪਤ ਜਾਣਕਾਰੀ ਅਨੁਸਾਰ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਸਤੰਬਰ 2014 ਵਿੱਚ ਮਾਛੀਵਾੜਾ ਦੇ ਪਿੰਡ ਬੋਹਾਪੁਰ ਦੇ ਰਹਿਣ ਵਾਲੇ ਐਸਸੀ ਭਾਈਚਾਰੇ ਦੇ ਦੋ ਸਕੇ ਭਰਾਵਾਂ ਹਰਿੰਦਰ ਸਿੰਘ (23) ਅਤੇ ਜਤਿੰਦਰ ਸਿੰਘ (25) ਨੂੰ ਖੰਨਾ ਪੁਲੀਸ ਨੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਮਾਮਲੇ ਵਿੱਚ ਅਦਾਲਤ ਨੇ ਅਕਾਲੀ ਆਗੂ ਗੁਰਜੀਤ ਸਿੰਘ, ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਹੋਮ ਗਾਰਡ ਜਵਾਨ ਅਜੀਤ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੋਮ ਗਾਰਡ ਜਵਾਨ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਲੋਨੀ ਵਿੱਚ ਇੱਕ ਮੁਕਾਬਲੇ ਵਿੱਚ ਦੋ ਭਰਾ ਮਾਰੇ ਗਏ। ਪੁਲਿਸ ਨੇ ਇਸ ਮਾਮਲੇ ਨੂੰ ਐਨਕਾਊਂਟਰ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਐਨਕਾਊਂਟਰ ਹੁਣ ਫਰਜ਼ੀ ਸਾਬਤ ਹੋਇਆ ਹੈ। ਮਾਮਲਾ ਸਤੰਬਰ 2014 ਦਾ ਹੈ।
ਦੱਸ ਦੇਈਏ ਕਿ ਵੱਡੇ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਿਸ ਵੱਲੋਂ ਅੱਜ ਤੱਕ ਐਸਐਚਓ ਅਤੇ ਉਸ ਦਾ ਰੀਡਰ ਨਹੀਂ ਫੜਿਆ ਜਾ ਰਿਹਾ ਹੈ। ਇਸ ਕੇਸ ਦੇ ਮੁਲਜ਼ਮ ਤਤਕਾਲੀ ਐਸਐਚਓ ਮਨਜਿੰਦਰ ਸਿੰਘ ਅਤੇ ਉਸ ਦਾ ਰੀਡਰ ਕਾਂਸਟੇਬਲ ਸੁਖਬੀਰ ਸਿੰਘ 7 ਸਾਲਾਂ ਤੋਂ ਫਰਾਰ ਹਨ।