ਛੋਟੇ ਥਾਣੇਦਾਰ ਖਿਲਾਫ਼ ਵੀ ਮੁਕੱਦਮਾ ਦਰਜ
ਚੰਡੀਗੜ੍ਹ 28 ਨਵੰਬਰ: ਪੰਜਾਬ ਵਿਜੀਲੈਸ ਬਿਊਰੋ ਵੱਲੋ ਪੁਲਿਸ ਥਾਣਾ ਭਾਦਸੋਂ ਜਿਲਾ ਪਟਿਆਲਾ ਵਿਖੇ ਤਾਇਨਾਤ ਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਇਸੇ ਕੇਸ ਵਿਚ ਸ਼ਾਮਲ ਏ.ਐਸ.ਆਈ ਗੁਰਸਰਨ ਸਿੰਘ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣੇਦਾਰ ਅੰਮ੍ਰਿਤਪਾਲ ਸਿੰਘ ਨੂੰ ਸ਼ਿਕਾਇਤਕਰਤਾ ਰਵਨੀਤ ਸਿੰਘ, ਵਾਸੀ ਪਿੰਡ ਚਾਸਵਾਲ, ਜਿਲਾ ਪਟਿਆਲਾ ਦੀ ਸ਼ਿਕਾਇਤ ‘ਤੇ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਵਲੋ ਦਰਜ ਕਰਵਾਏ ਕੇਸ ਦੀ ਧਾਰਾ ਵਿਚ ਵਾਧਾ ਕਰਨ ਅਤੇ ਕੇਸ ਵਿਚ ਮਦਦ ਕਰਨ ਬਦਲੇ ਉਕਤ ਥਾਣੇਦਾਰ ਅਤੇ ਏ.ਐਸ.ਆਈ ਵਲੋਂ 30,000 ਰੁਪਏ ਦੀ ਮੰਗ ਕੀਤੀ ਗਈ ਹੈ। ਸਿਕਾਇਤਕਰਤਾ ਨੇ ਕਿਹਾ ਕਿ ਉਸ ਵਲੋ ਪਹਿਲਾਂ ਹੀ ਪਹਿਲੀ ਕਿਸ਼ਤ ਵਜੋਂ 10,000 ਰੁਪਏ ਅਦਾ ਕੀਤੇ ਜਾ ਚੁੱਕੇ ਹਨ।
ਵਿਜੀਲੈਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਥਾਣੇਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਵਜੋਂ 20,000 ਰੁਪਏ ਦੀ ਰਿਸ਼ਵਤ ਲੈਦਿਆਂ ਦਬੋਚ ਲਿਆ ਅਤੇ ਇਸ ਕੇਸ ਵਿਚ ਸ਼ਾਮਲ ਭਗੌੜੇ ਹੋ ਚੁੱਕੇ ਏ.ਐਸ.ਆਈ ਦੀ ਭਾਲ ਜਾਰੀ ਹੈ।