1985 ਏਅਰ ਇੰਡੀਆ ਬੰਬ ਧਮਾਕਾ ਕੇਸ ਵਿਚੋਂ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਕੈਨੇਡਾ ਵਿੱਚ ਗੋਲੀ ਮਾਰ ਕੇ ਕਤਲ
ਚੰਡੀਗੜ੍ਹ,15 ਜੁਲਾਈ (ਵਿਸ਼ਵ ਵਾਰਤਾ) 1985 ਦੇ ਏਅਰ ਇੰਡੀਆ ਦੀ ਉਡਾਣ ਏਆਈ 182 ਬੰਬ ਧਮਾਕੇ ਵਿੱਚ ਬਰੀ ਹੋਏ ਵਿਅਕਤੀ ਰਿਪੁਦਮਨ ਸਿੰਘ ਮਲਿਕ ਦੀ ਅੱਜ ਸਵੇਰੇ ਕੈਨੇਡਾ ਦੇ ਸਰੀ ਵਿੱਚ 128 & 82 ਦੇ ਨੇੜੇ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਰਿਪੁਦਮਨ ਸਿੰਘ ਮਲਿਕ ਨੂੰ ਗੋਲੀ ਮਾਰਨ ਵਾਲੀ ਥਾਂ ਤੋਂ ਕੁਝ ਦੂਰ ਇੱਕ ਸੜੀ ਹੋਈ ਕਾਰ ਮਿਲੀ।
ਸਰੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਸਵੇਰੇ 9.26 ਵਜੇ, ਉਹਨਾਂ ਨੇ ਗੋਲੀਬਾਰੀ ਦੀ ਰਿਪੋਰਟ ਦਾ ਜਵਾਬ ਦਿੱਤਾ ਅਤੇ ਇੱਕ ਵਿਅਕਤੀ ਨੂੰ ਲੱਭਿਆ ਜੋ ਗੋਲੀ ਲੱਗਣ ਨਾਲ ਜ਼ਖਮੀ ਸੀ। ਉਨ੍ਹਾਂ ਦੱਸਿਆ ਕਿ ਜ਼ਖਮੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮਲਿਕ ਕੈਨੇਡਾ ਭਰ ਵਿੱਚ ਖਾਲਸਾ ਸਕੂਲਾਂ ਦਾ ਮੁਖੀ ਸੀ। ਇਸ ਸਾਲ ਦੀ ਸ਼ੁਰੂਆਤ ਵਿਚ ਹੀ ਮਲਿਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਓਹਨਾਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ ਸੀ।