ਵਿਦੇਸ਼ਾਂ ਵਿੱਚ ਦਸਤਾਰ ਧਾਰੀ ਬੁਲੰਦੀਆਂ ਛੋਹਣ ਵਾਲੇ ਦੋ ਪੰਜਾਬੀ ਲੇਖਕਾਂ ਦਾ ਸਨਮਾਨ ਸਾਡਾ ਸੁਭਾਗ- ਡਾਃ ਸ ਪ ਸਿੰਘ
ਚੰਡੀਗੜ੍ਹ, 30ਮਾਰਚ(ਵਿਸ਼ਵ ਵਾਰਤਾ) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਦੋ ਪਰਵਾਸੀ ਪੰਜਾਬੀ ਲੇਖਕਾਂ ਸੁਰਜੀਤ ਸਿੰਘ ਮਾਧੋਪੁਰੀ ਕੈਨੇਡਾ ਅਤੇ ਡਾ. ਗੁਰਬੀਰ ਸਿੰਘ ਭੁੱਲਰ ਸਵਿਟਜ਼ਰਲੈਂਡ ਨਾਲ ਇੱਕ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕੀਤੀ।
ਇਸ ਮੌਕੇ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਬੋਲਦਿਆਂ ਸਭ ਨੂੰ ਰਸਮੀ ਤੌਰ ‘ਤੇ ਜੀ ਆਇਆਂ ਕਿਹਾ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਪ੍ਰਮੁੱਖ ਸਰਗਰਮੀਆਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਸਵਿਟਜਰਲੈਂਡ ਵਿੱਚ ਦੋ ਦਸਤਾਰਧਾਰੀ ਲਿਖਾਰੀਆਂ ਤੇ ਸਿਰਕੱਢ ਪੰਜਾਬੀਆਂ ਸੁਰਜੀਤ ਸਿੰਘ ਮਾਧੋਪੁਰੀ ਤੇ ਡਾਃ ਗੁਰਬੀਰ ਸਿੰਘ ਭੁੱਲਰ ਦਾ ਇਸ ਸੰਸਥਾ ਵਿੱਚ ਸਨਮਾਨ ਸਾਡਾ ਸੁਭਾਗ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੋਵਾਂ ਹੀ ਸ਼ਖ਼ਸੀਅਤਾਂ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੀ ਜਨਮ ਭੂਮੀ ਮਾਧੋਪੁਰ(ਰੋਪੜ)ਪੰਜਾਬ ਤੇ ਕਰਮਭੂਮੀ ਸਰੀ(ਕੈਨੇਡਾ )ਵਿੱਚ ਗੀਤਕਾਰ ਤੇ ਗਾਇਕ ਵਜੋਂ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਕੈਨੇਡਾ ਸਰਕਾਰ ਪਾਸੋਂ ਮਿਸਾਲੀ ਬਹਾਦਰੀ ਲਈ ਸਨਮਾਨਿਤ ਹੋਣ ਵਾਲੇ ਉਹ ਪਹਿਲੇ ਏਸ਼ੀਅਨ ਤੇ ਦਸਤਾਰਧਾਰੀ ਸਿੱਖ ਹਨ।
ਡਾ. ਗੁਰਬੀਰ ਸਿੰਘ ਭੁੱਲਰ ਪੱਟੀ(ਤਰਨਤਾਰਨ)ਬਾਰੇ ਉਨ੍ਹਾਂ ਨੇ ਦੱਸਿਆ ਕਿ ਪੀ. ਏ. ਯੂ. ਲੁਧਿਆਣਾ ਤੋਂ ਫ਼ਸਲ ਵਿਗਿਆਨ ਵਿੱਚ ਮਾਸਟਰਜ਼ ਡਿਗਰੀ ਪ੍ਰਾਪਤ ਕਰਕੇ ਉਨ੍ਹਾਂ ਪੀਐੱਚ. ਡੀ ਤੇ ਪੋਸਟ ਡੌਕਟਰਲ ਪੜ੍ਹਾਈ ਸਵਿਟਜ਼ਰਲੈਂਡ ਤੋਂ ਕੀਤੀ ਤੇ ਇਸ ਵਕਤ ਉਹ ਉਥੇ ਹੀ ਪੂਰੇ ਪ੍ਰੋਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਤੇ ਪੰਜਾਬੀ ਵਿੱਚ ਕਾਵਿ ਸਿਰਜਣਾ ਵੀ ਕਰਦੇ ਹਨ।
ਸਰੀ ਤੋਂ ਆਏ ਸਃ ਸੁਰਜੀਤ ਸਿੰਘ ਮਾਧੋਪੁਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ 1975 ਵਿੱਚ ਕੈਨੇਡਾ ਲਈ ਪਰਵਾਸ ਧਾਰਨ ਕੀਤਾ। ਉੱਤਰੀ ਅਮਰੀਕਾ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੋਂ ਇਲਾਵਾ ਉਹ ਦੇਸ਼ ਵਿਦੇਸ਼ ਦੀਆਂ ਅਨੇਕਾਂ ਸਾਹਿਤ ਸਭਾਵਾਂ ਨਾਲ ਜੁੜੇ ਹਨ। ਇਸ ਮੌਕੇ ਉਨ੍ਹਾਂ ਕੁਝ ਆਪਣੇ ਲਿਖੇ ਗੀਤ ਤੇ ਕੁਝ ਨਾਮਵਰ ਕਵੀ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ਵੀ ਤਰੰਨਮ ਵਿੱਚ ਗਾਏ।ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਮੈਂ ਉਸਤਾਦ ਜਸਵੰਤ ਭੰਵਰਾ ਜੀ ਕੋਲੋਂ ਸੰਗੀਤ ਦੀ ਤਾਲੀਮ ਹਾਸਲ ਕਰਕੇ ਮੁੱਢਲਾ ਜੀਵਨ ਸੰਘਰਸ਼ ਇਥੇ ਹੀ ਆਰੰਭਿਆ।
ਸਵਿਟਜਰਲੈਂਡ ਤੋਂ ਆਏ ਵਿਗਿਆਨੀ ਤੇ ਕਵੀ ਡਾ. ਗੁਰਬੀਰ ਸਿੰਘ ਭੁੱਲਰ ਨੇ ਪੱਟੀ(ਤਰਨਤਾਰਨ) ਵਿੱਚ ਗੁਜ਼ਾਰੇ ਆਪਣੇ ਬਚਪਨ ,ਸਕੂਲੀ ਸਮੇਂ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਉਪਰੰਤ ਪੀ. ਏ. ਯੂ. ਲੁਧਿਆਣਾ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਪੰਜਾਬੀ ਸਾਹਿਤ ਨੂੰ ਪੜ੍ਹਨ ਦੀ ਚੇਟਕ ਲੱਗੀ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਲੋਕਾਂ ਦੇ ਸਭਿਆਚਾਰ ਤੇ ਭਾਸ਼ਾ ਬਾਰੇ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਸ. ਅਰਵਿੰਦਰ ਸਿੰਘ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਡਾ ਸ. ਪ ਸਿੰਘ ਦੀ ਅਗਵਾਈ ਅਧੀਨ ਕੀਤੀਆਂ ਜਾਂਦੀਆਂ ਅਜਿਹੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ।
ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਇਸ ਮੌਕੇ ਉਨ੍ਹਾਂ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ। ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਉਨ੍ਹਾਂ ਨੂੰ ਫੁਲਕਾਰੀ, ਸਨਮਾਨ ਚਿੰਨ੍ਹ ਅਤੇ ਤ੍ਰੈਮਾਸਿਕ ਪੱਤ੍ਰਿਕਾ “ਪਰਵਾਸ” ਦੀ ਅੰਕ ਭੇਟ ਕੀਤੇ ਗਏ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਤੇ ਤ੍ਰੈਲੋਚਨ ਲੋਚੀ ਨੇ ਵੀ ਵਿਸ਼ੇਸ਼ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ ਤੇ ਪ੍ਰੋ. ਜਸਮੀਤ ਕੌਰ ਵੀ ਹਾਜ਼ਰ ਸਨ।