ਬੀਬੀਐਮਬੀ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਪੰਜਾਬ ਦੀ ਹਿੱਸੇਦਾਰੀ ਹੋਣ ਲੱਗੀ ਖਤਮ
ਪੰਜਾਬ ਨੂੰ ਮਿਲਣ ਵਾਲੇ ਅਹੁਦੇ ਯੂਟੀ ਕੇਡਰ ਦੇ ਅਫਸਰਾਂ ਨੂੰ ਦਿੱਤੇ ਜਾਣ ਲੱਗੇ
ਵੱਖ-ਵੱਖ ਪਾਰਟੀਆਂ ਵੱਲੋਂ ਹੋਣ ਲੱਗਾ ਵਿਰੋਧ
ਚੰਡੀਗੜ੍ਹ,5 ਮਾਰਚ(ਵਿਸ਼ਵ ਵਾਰਤਾ)-ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਵਿੱਚ ਪੰਜਾਬ ਦੀ ਨੁੰਮਾਇੰਦਗੀ ਖਤਮ ਕੀਤੇ ਜਾਣਤ ਤੋਂ ਬਾਅਦ ਹੋ ਰਹੇ ਵਿਰੋਧ ਵਿਚਾਲੇ ਹੁਣ ਸਿਟਕੋ ਦੇ ਐਮਡੀ ਅਹੁਦੇ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਗੌਰਤਲਬ ਹੈ ਕਿ ਆਈਏਐਸ ਜਸਵਿੰਦਰ ਕੌਰ ਸਿੱਧੂ ਦੇ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਸੀਟਕੋ) ਦੇ ਐਮਡੀ ਦੇ ਅਹੁਦੇ ਤੋਂ ਅੱਜ ਫਾਰਗ ਹੋਣ ਤੋਂ ਬਾਅਦ ਆਈਏਐਸ ਪੂਰਵਾ ਗਰਗ ਨੂੰ ਸਿਟਕੋ ਦਾ ਨਵਾਂ ਐਮਡੀ ਨਿਯੁਕਤ ਕੀਤਾ ਗਿਆ ਹੈ। ਆਈਏਐਸ ਪੂਰਵਾ ਗਰਗ ਸਿਟਕੋ ਦੇ ਵਧੀਕ ਐਮਡੀ ਹਨ,ਪਰ ਹੁਣ ਉਹ ਇਸ ਦੇ ਨਾਲ ਐਮਡੀ ਦਾ ਵਾਧੂ ਚਾਰਜ ਸੰਭਾਲਣਗੇ। ਦੱਸ ਦਈਏ ਕਿ ਪੂਰਵਾ ਗਰਗ ਏਜੀਐਮਯੂ (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਹੋਰ ਕੇਂਦਰ ਸ਼ਾਸਤ ਪ੍ਰਦੇਸ਼) ਕੇਡਰ ਦੇ 2015 ਬੈਚ ਦੇ ਆਈਏਐਸ ਅਧਿਕਾਰੀ ਹਨ। ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਿਟਕੋ ਦੇ ਐਮਡੀ ਦਾ ਅਹੁਦਾ ਹਮੇਸ਼ਾ ਤੋਂ ਹੀ ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀਆਂ ਨੂੰ ਮਿਲਦਾ ਰਿਹਾ ਹੈ,ਇਹ ਪਹਿਲਾ ਮੌਕਾ ਹੋਵੇਗਾ ਜਦ ਯੂਟੀ ਕੇਡਰ ਦਾ ਕੋਈ ਅਫਸਰ ਸਿਟਕੋ ਦਾ ਐਮਡੀ ਬਣੇਗਾ। ਉਹਨਾਂ ਦੀ ਨਿਯੁਕਤੀ ਤੋਂ ਬਾਅਦ ਵੱਖ-ਵੱਖ ਪਾਰਟੀਆਂ ਨੇ ਇੱਕ ਵਾਰ ਫਿਰ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਲੈ ਲਿਆ ਹੈ। ਦੱਸ ਦਈਏ ਕਿ ਪਿਛਲੇ ਕੱਝ ਦਿਨਾਂ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁੰਮਾਇੰਦਗੀ ਖਤਮ ਕਰਨ ਨੂੰ ਲੈ ਕੇ ਵੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਭਾਜਪਾ ਨੂੰ ਲਗਾਤਾਰ ਘੇਰ ਰਹੀਆਂ ਹਨ।