180-ਕਿਲੋਗ੍ਰਾਮ ਚੂਰਾ ਪੋਸਤ ਫੜਨ ਦਾ ਮਾਮਲਾ: ਕਪੂਰਥਲਾ ਪੁਲਿਸ ਵੱਲੋਂ 8.5 ਕਿਲੋਗ੍ਰਾਮ ਅਫ਼ੀਮ ਬਰਾਮਦ
ਕਪੂਰਥਲਾ, 30 ਜੁਲਾਈ(ਵਿਸ਼ਵ ਵਾਰਤਾ)ਦੋ ਦਿਨ ਪਹਿਲਾ 180 ਕਿਲੋਗ੍ਰਾਮ ਭੁੱਕੀ ਦੀ ਬਰਾਮਦਗੀ ਮਾਮਲੇ ਵਿੱਚ ਅਗਲੀ ਕਾਰਵਾਈ ਕਰਦੇ ਹੋਏ, ਜ਼ਿਲ੍ਹਾ ਪੁਲਿਸ ਨੇ ਅੱਜ ਮੁਲਜ਼ਮਾਂ ਦੁਆਰਾ ਲੁਕਾ ਕੇ ਰੱਖੀ 8.5 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ
ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗਿਰੋਹ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿਚ ਅਫੀਮ ਅਤੇ ਭੁੱਕੀ ਦੀ ਤਸਕਰੀ ਵਿੱਚ ਸ਼ਾਮਲ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋ ਤਸਕਰਾਂ ਜਤਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਮੁਕਤਸਰ ਸਾਹਿਬ ਦੇ ਰਵੀ ਨੂੰ ਭੁੱਕੀ ਦੀ ਖੇਪ ਨਾਲ ਭਰੇ ਟਰੱਕ ਤੋਂ ਕਾਬੂ ਕੀਤਾ ਸੀ, ਜਦੋਂ ਕਿ ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ ਸਨ।
ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁਲਿਸ ਰਿਮਾਂਡ ਵਿੱਚ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਓਹਨਾਂ ਵਲੋਂ ਕਪੂਰਥਲਾ ਤੋਂ ਸੁਭਾਨਪੁਰ ਵੱਲ ਜਾਂਦੀ ਸੜ੍ਹਕ ਦੇ ਕਿਨਾਰੇ ਝਾੜੀਆਂ ਵਿਚ ਅਫੀਮ ਦੀ ਇਕ ਖੇਪ ਲੁਕੋ ਕੇ ਰੱਖੀ ਹੋਈ ਸੀ.
ਉਨ੍ਹਾਂ ਦੱਸਿਆ ਕਿ ਐਸਪੀ (ਇਨਵੈਸਟੀਗੇਸ਼ਨ) ਵਿਸ਼ਾਲਜੀਤ ਸਿੰਘ ਅਤੇ ਡੀਐਸਪੀ ਕਪੂਰਥਲਾ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਜਾਂਚ ਅਧਿਕਾਰੀ ਨੇ ਤੁਰੰਤ ਪੁਲਿਸ ਟੀਮ ਦੇ ਨਾਲ ਦੋਸ਼ੀਆ ਨੂੰ ਲੈ ਕੇ ਮੌਕੇ ਪਹੁੰਚੇ।
ਐਸਐਸਪੀ ਖੱਖ ਨੇ ਅੱਗੇ ਦੱਸਿਆ ਕਿ ਟੀਮ ਨੇ ਤਲਾਸ਼ੀ ਦੇ ਦੌਰਾਨ ਪੁਲਿਸ ਟੀਮ ਨੇ 8.5 ਕਿਲੋਗ੍ਰਾਮ ਅਫੀਮ ਦੀ ਖੇਪ ਬਰਾਮਦ ਕੀਤੀ ਸੀ ਜਿਸਨੂੰ ਦੋਸ਼ੀਆਂ ਨੇ ਝਾੜੀਆਂ ਦੇ ਹੇਠਾਂ ਛਿਪਾ ਕੇ ਰਖਿਆ ਹੋਇਆ ਸੀ।
ਇਸ ਦੌਰਾਨ ਥਾਣਾ ਕੋਤਵਾਲੀ ਵਿੱਚ ਦਰਜ ਐਫਆਈਆਰ ਨੰਬਰ 206 ਮਿਤੀ 27-07-21 ਵਿੱਚ ਅਫੀਮ ਦੀ ਬਰਾਮਦਗੀ ਦੇ ਸਬੰਧ ਵਿੱਚ ਸਬੰਧਤ ਧਾਰਾਵਾਂ ਵੀ ਜੋੜੀਆਂ ਗਈਆਂ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਰੈਕੇਟ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਤਕਨੀਕੀ ਤੌਰ ਜਾਂਚ ਕਰ ਰਹੀਆਂ ਹਨ ਅਤੇ ਦੋਸ਼ੀਆ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਵੀ ਜਾਰੀ ਹੈ।