ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 5 ਜੂਨ ਨੂੰ 17ਵੀਂ ਲੋਕ ਸਭਾ ਭੰਗ ਕਰ ਦਿੱਤੀ ਸੀ
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 15 ਜੂਨ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਨਵੀਂ ਕੈਬਨਿਟ ਤਰੀਕ ‘ਤੇ ਅੰਤਿਮ ਫੈਸਲਾ ਲਵੇਗੀ। ਪਹਿਲੇ ਸੈਸ਼ਨ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਦਨ ਦੇ ਮੈਂਬਰਾਂ ਵਜੋਂ ਸਹੁੰ ਚੁਕਾਈ ਜਾਵੇਗੀ।
ਸਹੁੰ ਚੁੱਕ ਪ੍ਰੋਗਰਾਮ ਦੋ ਦਿਨ ਤੱਕ ਜਾਰੀ ਰਹਿ ਸਕਦਾ ਹੈ। ਇਸ ਤੋਂ ਬਾਅਦ ਨਵੇਂ ਸਪੀਕਰ ਦੀ ਚੋਣ ਕੀਤੀ ਜਾਵੇਗੀ। ਅਗਲੇ ਦਿਨ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨਗੇ। ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੋਵਾਂ ਸਦਨਾਂ ਵਿੱਚ ਆਪਣੀ ਮੰਤਰੀ ਮੰਡਲ ਦੀ ਜਾਣ-ਪਛਾਣ ਕਰਾਉਣਗੇ। ਲੋਕ ਸਭਾ ਦਾ ਇਹ ਸੈਸ਼ਨ 22 ਜੂਨ ਨੂੰ ਖਤਮ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਨਵੀਂ ਕੈਬਨਿਟ ਦੀ ਮੀਟਿੰਗ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਦੀ ਸਿਫ਼ਾਰਸ਼ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 5 ਜੂਨ ਨੂੰ 17ਵੀਂ ਲੋਕ ਸਭਾ ਭੰਗ ਕਰ ਦਿੱਤੀ ਸੀ।