ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਵੱਡਾ ਫੈਸਲਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਪੈਨਿਸ਼, ਫ੍ਰੈਂਚ ਤੇ ਅਰਬੀ ਭਾਸ਼ਾਵਾਂ ਵਿੱਚ ਹੋਵੇਗਾ ਤਰਜਮਾ
ਬਣਾਈ ਗਈ ਮਾਹਰਾਂ ਦੀ ਇਕ ਕਮੇਟੀ
ਚੰਡੀਗੜ੍ਹ, 9ਜੁਲਾਈ(ਵਿਸ਼ਵ ਵਾਰਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਏਕਤਾ ਅਤੇ ਭਾਈਚਾਰੇ ਦੇ ਫ਼ਲਸਫ਼ੇ ਨੂੰ ਫੈਲਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੂੰ ਫ੍ਰੈਂਚ, ਸਪੈਨਿਸ਼, ਅਰਬੀ ਅਤੇ ਡੱਚ ਭਾਸ਼ਾਵਾਂ ਵਿੱਚ ਤਰਜਮਾ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਰਾਹੀਂ ‘ਸਰਬੱਤ ਦੇ ਭਲੇ’ ਮਨੁੱਖਤਾ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚਾਇਆ ਜਾ ਸਕੇ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਉੱਚ ਹਨ। ਜਿੱਥੋਂ ਸਾਰੀ ਕੌਮ ਪ੍ਰੇਰਣਾ ਅਤੇ ਵਿਦਿਆ ਲੈਂਦੀ ਹੈ। ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੇਵਲ ਗੁਰਮੁਖੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਉਪਲਬਧ ਹਨ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਵੱਲੋਂ ਇਹ ਸਾਰਾ ਸਾਲ ‘ਹਿੰਦ ਕੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਇਸ ਦੇ ਮੱਦੇਨਜ਼ਰ ਫਤਹਿਗੜ੍ਹ ਸਾਹਿਬ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਚੇਅਰ ਸਥਾਪਤ ਕੀਤੀ ਜਾ ਰਹੀ ਹੈ, ਜੋ ਗੁਰੂ ਸਾਹਿਬ ਦੇ ਸਮਕਾਲੀ ਸਿੱਖ ਸ਼ਖਸੀਅਤਾਂ ਦੀ ਭਾਲ ਕਰੇਗੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੂੰ ਫ੍ਰੈਂਚ, ਸਪੈਨਿਸ਼, ਅਰਬੀ ਅਤੇ ਡੱਚ ਭਾਸ਼ਾਵਾਂ ਵਿੱਚ ਤਰਜਮਾ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਮਾਹਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਜਿਸਦੀ ਅਗਵਾਈ ਵਿੱਚ ਫ੍ਰੈਂਚ ਅਤੇ ਸਪੈਨਿਸ਼ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਣਗੇ। ਇਸ ਤੋਂ ਬਾਅਦ ਅਰਬੀ ਅਤੇ ਡੱਚ ਵਿੱਚ ਵੀ ਤਰਜਮਾ ਕਰਵਾਉਣ ਦੀ ਯੋਜਨਾ ਹੈ।
ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਜੈਤਾ ਜੀ, ਭਾਈ ਦਿਆਲਾ ਜੀ, ਭਾਈ ਮੋਤੀ ਲਾਲ ਮਾਹਿਰਾ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮੱਖਣ ਸ਼ਾਹ ਲੁਬਾਣਾ ਆਦਿ ਦੇ ਇਤਿਹਾਸ ਬਾਰੇ ਦਸਤਾਵੇਜ਼ ਤਿਆਰ ਕਰਕੇ ਸੰਗਤਾਂ ਨੂੰ ਉਪਲਬਧ ਕਰਵਾਏ ਜਾਣਗੇ।