10 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲਾ: PUNJAB POLICE ਵੱਲੋਂ ਦੋਸ਼ੀ ਹਰਮਨਦੀਪ ਦੇ ਬਿਆਨ ਦੇ ਆਧਾਰ ‘ਤੇ 2 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ; ਕੁੱਲ ਬਰਾਮਦੀ 15 ਕਿਲੋਗ੍ਰਾਮ ਤੱਕ ਪਹੁੰਚੀ
— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ
— ਦੋ ਦਿਨ ਪਹਿਲਾਂ ਪੁਲਿਸ ਟੀਮਾਂ ਨੇ ਹਰਮਨਦੀਪ ਦੇ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ 3 ਕਿਲੋ ਹੈਰੋਇਨ ਕੀਤੀ ਸੀ ਬਰਾਮਦ
ਚੰਡੀਗੜ੍ਹ/ਅੰਮ੍ਰਿਤਸਰ, 22 ਫਰਵਰੀ (ਵਿਸ਼ਵ ਵਾਰਤਾ):- PUNJAB POLICE ਵੱਲੋਂ 10 ਕਿਲੋਗ੍ਰਾਮ ਹੈਰੋਇਨ ਰਿਕਵਰੀ ਮਾਮਲੇ ਸਬੰਧੀ ਚੱਲ ਰਹੀ ਜਾਂਚ ਦੌਰਾਨ ਇੱਕ ਹੋਰ ਮਹੱਤਵਪੂਰਨ ਸਫਲਤਾ ‘ਚ, ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਦੋਸ਼ੀ ਹਰਮਨਦੀਪ ਸਿੰਘ ਵੱਲੋਂ ਦਿੱਤੇ ਗਏ ਬਿਆਨ ਦੇ ਅਧਾਰ ‘ਤੇ ਪਿੰਡ ਬੋਪਾਰਾਏ ਬਾਜ ਸਿੰਘ ਵਿੱਚ ਨਹਿਰ ਦੇ ਨੇੜੇ ਛੁਪਾਈ ਗਈ 2 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ, ਜਿਸ ਨਾਲ ਕੁੱਲ ਜ਼ਬਤ ਕੀਤੀ ਹੈਰੋਇਨ 15 ਕਿਲੋਗ੍ਰਾਮ ਹੋ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਪਿੰਡ ਘੁੰਮਣਪੁਰਾ ਦੇ ਨਸ਼ਾ ਤਸਕਰ ਹਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਉਸਦੇ ਕਬਜ਼ੇ ਵਿੱਚੋਂ 10 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਕੁਝ ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ। ਮੁਲਜ਼ਮ ਹਰਮਨਦੀਪ ਦੇ ਖੁਲਾਸੇ ‘ਤੇ ਇਹ ਦੂਜੀ ਵੱਡੀ ਬਰਾਮਦਗੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਲਿਆਂ ਪੁਲਿਸ ਟੀਮਾਂ ਨੇ ਹਰਮਨਦੀਪ ਦੇ ਸਾਥੀ ਲਵਪ੍ਰੀਤ ਸਿੰਘ ਦੇ ਕਬਜ਼ੇ ਵਿੱਚੋਂ 3 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਉਸਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਦੌਰਾਨ, ਦੋਸ਼ੀ ਹਰਮਨਦੀਪ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਉਸਨੇ ਖੁਰਮਣੀਆਂ ਤੋਂ ਰਾਮ ਤੀਰਥ ਲਿੰਕ ਰੋਡ ‘ਤੇ ਪਿੰਡ ਬੋਪਾਰਾਏ ਬਾਜ ਸਿੰਘ ਨੇੜੇ ਨਹਿਰ ਦੇ ਕੰਢੇ ਰੱਖੀ ਇੱਕ ਇੱਟ ਦੇ ਹੇਠਾਂ 2 ਕਿਲੋਗ੍ਰਾਮ ਹੋਰ ਹੈਰੋਇਨ ਛੁਪਾਈ ਸੀ। ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੇ ਦੋਸ਼ੀ ਦੁਆਰਾ ਦੱਸੀ ਗਈ ਜਗ੍ਹਾ ਤੋਂ 2 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਡੀਜੀਪੀ ਨੇ ਕਿਹਾ ਕਿ ਬਰਾਮਦ ਕੀਤੀ ਹੈਰੋਇਨ ਪਾਕਿਸਤਾਨ ਤੋਂ ਤਸਕਰ ਕੀਤੀ ਗਈ ਵੱਡੀ ਖੇਪ ਦਾ ਹਿੱਸਾ ਹੈ ਜਿਸਨੂੰ ਪਾਕ-ਅਧਾਰਤ ਸਮਗਲਰ ਚਾਚਾ ਬਾਵਾ ਦੀ ਸਹਾਇਤਾ ਨਾਲ ਤਸਕਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਚਾਚਾ ਬਾਵਾ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਨੈੱਟਵਰਕ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐਫ.ਆਈ.ਆਰ. ਨੰਬਰ 8 ਮਿਤੀ 18.02.2025 ਨੂੰ ਦਰਜ ਕੀਤੀ ਗਈ ਸੀ। ਅਗਲੇਰੀ ਜਾਂਚ ਦੌਰਾਨ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਸੀ.ਆਈ. ਅੰਮ੍ਰਿਤਸਰ ਨੇ 2024 (1 ਜਨਵਰੀ, 2024 ਤੋਂ 31 ਦਸੰਬਰ, 2024) ਵਿੱਚ 29 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਕੁੱਲ 14 ਐਫ.ਆਈ.ਆਰਜ਼. ਦਰਜ ਕੀਤੀਆਂ ਹਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 153.6 ਕਿਲੋਗ੍ਰਾਮ ਹੈਰੋਇਨ, 4 ਕਿਲੋਗ੍ਰਾਮ ਆਈ.ਸੀ.ਈ. ਡਰੱਗ, 31.9 ਕਿਲੋਗ੍ਰਾਮ ਕੈਫੀਨ ਐਨਹਾਈਡ੍ਰਸ, 17 ਕਿਲੋਗ੍ਰਾਮ ਡੈਕਸਟ੍ਰੋਮੇਥੋਰਫਾਨ (ਡੀ.ਐਮ.ਆਰ.) ਅਤੇ 1.10 ਕਰੋੜ ਰੁਪਏ ਡਰੱਗ ਮਨੀ ਜ਼ਬਤ ਕੀਤੀ ਹੈ।