10 ਸਾਲ ਪੁਰਾਣੇ ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰ ਕੈਦ
ਚੰਡੀਗੜ੍ਹ 31 ਜਨਵਰੀ(ਵਿਸ਼ਵ ਵਾਰਤਾ ਬਿਊਰੋ)- 10 ਸਾਲ ਪੁਰਾਣੇ ਸੂਰਤ ਦੀ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗੁਜਰਾਤ ਦੀ ਗਾਂਧੀਨਗਰ ਸੈਸ਼ਨ ਕੋਰਟ ਨੇ ਬੀਤੇ ਕੱਲ੍ਹ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ 25 ਅਪ੍ਰੈਲ 2018 ਨੂੰ ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਯੂਪੀ ਵਿੱਚ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ ਦੀ ਪ੍ਰੋਡਕਸ਼ਨ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੀ।
ਇਸ ਮਾਮਲੇ ਵਿੱਚ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮ ਸਨ। ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਕੱਦਮੇ ਦੌਰਾਨ ਇੱਕ ਦੋਸ਼ੀ ਦੀ ਮੌਤ ਹੋ ਗਈ। ਅਦਾਲਤ ਨੇ ਬਾਕੀ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ।
ਜਿਕਰਯੋਗ ਹੈ ਕਿ ਇਹ ਕੇਸ 2013 ਵਿੱਚ ਦਰਜ ਹੋਇਆ ਸੀ। ਕਰੀਬ 10 ਸਾਲ ਪਹਿਲਾਂ ਸੂਰਤ ਦੀ ਇੱਕ ਔਰਤ ਨੇ ਆਸਾਰਾਮ ਉੱਤੇ ਅਹਿਮਦਾਬਾਦ ਦੇ ਮੋਟੇਰਾ ਸਥਿਤ ਆਪਣੇ ਆਸ਼ਰਮ ਵਿੱਚ ਵਾਰ-ਵਾਰ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਸ ਮਾਮਲੇ ਵਿੱਚ ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।