10 ਜਨਵਰੀ ਨੂੰ ਪੰਜਾਬ ਵਿੱਚ ਦਾਖਲ ਹੋਵੇਗੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਸ਼ੰਭੂ ਬਾਰਡਰ ਤੋਂ ਪੰਜਾਬ ਵਿੱਚ ਦਾਖ਼ਲ ਹੋਵੇਗੀ। ਇਹ ਯਾਤਰਾ ਰਾਜਪੁਰਾ, ਸਰਹਿੰਦ, ਖੰਨਾ, ਲੁਧਿਆਣਾ, ਜਲੰਧਰ, ਬਿਆਸ, ਬਟਾਲਾ ਤੋਂ ਹੁੰਦੀ ਹੋਈ ਪਠਾਨਕੋਟ ਜਾਵੇਗੀ। ਉਥੋਂ ਜੰਮੂ ਦੀ ਸਰਹੱਦ ‘ਚ ਦਾਖਲ ਹੋ ਜਾਵੇਗੀ। ਉਹ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਕਰਨਗੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਪੰਜਾਬ ਵਿੱਚ ਇਸ ਨੂੰ ਕਾਮਯਾਬ ਕਰਨ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਪਿਛਲੇ ਦਿਨੀਂ ਉਹਨਾਂ ਨੇ ਹੋਰ ਆਗੂਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਪ੍ਰਸ਼ਾਸਕੀ ਸਹਿਯੋਗ ਵੀ ਮੰਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਜ ਪੰਜਾਬ ਭਰ ਤੋਂ ਕਾਂਗਰਸ ਦੇ 234 ਬਲਾਕ ਪ੍ਰਧਾਨਾਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਬੁਲਾਇਆ ਹੈ। ਫਿਰ 13 ਦਸੰਬਰ ਨੂੰ 117 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਸੱਦਿਆ ਗਿਆ ਹੈ।
ਕਾਂਗਰਸ ਹਾਈਕਮਾਂਡ ਦੀਆਂ ਹਦਾਇਤਾਂ ‘ਤੇ ਵੜਿੰਗ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਕਮੇਟੀ ਬਣਾਈ ਹੈ। ਇਹ ਕਮੇਟੀ ਯਾਤਰਾ ਦੌਰਾਨ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰੇਗੀ। ਦੱਸ ਦਈਏ ਕਿ ਵੱਡੇ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲਜਾਖੜ ਪੰਜਾਬ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਜੇਲ੍ਹ ਵਿੱਚ ਹਨ ਅਤੇ ਸਾਬਕਾ ਸੀ.ਐਮ ਚਰਨਜੀਤ ਸਿੰਘ ਚੰਨੀ ਦੇ ਵਿਦੇਸ਼ ‘ਚ ਹੋਣ ਕਾਰਨ ਕਾਂਗਰਸ ਵਰਕਰਾਂ ਨੂੰ ਯਾਤਰਾ ਨਾਲ ਜੋੜਨਾ ਵੜਿੰਗ ਲਈ ਵੱਡੀ ਚੁਣੌਤੀ ਹੈ।