‘1 ਜੂਨ ਨੂੰ ਵੋਟ ਪਾਓ’ ਸਵੀਪ ਸਰਗਰਮੀ ਰਾਹੀਂ ਵੋਟਰਾਂ ਨੂੰ ਕੀਤਾ ਜਾਗਰੂਕ
ਵੋਟ ਫੀਸਦੀ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਵੀਪ ਵਲੰਟੀਅਰਾਂ ਨੇ ਲੋਕਾਂ ਨੂੰ ਵੋਟਾਂ ’ਚ ਸਰਗਰਮੀ ਨਾਲ ਭਾਗ ਲੈਣ ਲਈ ਕਿਹਾ
ਵਧੀਕ ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ
ਕਪੂਰਥਲਾ, 16 ਅਪ੍ਰੈਲ (ਵਿਸ਼ਵ ਵਾਰਤਾ):- ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਿੰਗ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਵਿਲੱਖਣ ਸਮਾਗਮ ਦੌਰਾਨ ‘ਵੋਟ ਆਨ ਫਸਟ ਜੂਨ’ ਵਿਸ਼ੇ ਨੂੰ ਬੂਟਿਆਂ ਰਾਹੀਂ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ।
ਇਹ ਜਾਗਰੂਕਤਾ ਗਤੀਵਿਧੀ ਸਿੱਖਿਆ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿੱਚ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਨੂੰ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ । ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਤੇ ਸਵੀਪ ਵਲੰਟੀਅਰਾਂ ਸਮੇਤ ਬੂਟਿਆਂ ਨੂੰ ਸਜਾਵਟੀ ਢੰਗ ਨਾਲ ਪੇਸ਼ ਕਰਦਿਆਂ ਪਹਿਲੀ ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਸ਼ਿਖਾ ਭਗਤ ਨੇ ਜ਼ਿਲ੍ਹੇ ਭਰ ਦੇ ਵੋਟਰਾਂ ਖਾਸਕਰ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਵੋਟਿੰਗ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵੋਟਰਾਂ ਨੂੰ ਲੋਕ ਸਭਾ ਚੋਣਾਂ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਵੋਟਰਾਂ ਨੂੰ 1 ਜੂਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀਆਂ ਹੋਰ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਗਈਆਂ ਹਨ, ਜੋ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਕੀਤੀਆਂ ਜਾਣਗੀਆਂ। ਗਤੀਵਿਧੀ ਦੌਰਾਨ ਵਿਧਾਨ ਸਭਾ ਹਲਕਾ ਕਪੂਰਥਲਾ ਦੀ ਸਵੀਪ ਨੋਡਲ ਅਫ਼ਸਰ ਸੁਨੀਤਾ ਸਿੰਘ ਨੇ ਵੋਟਿੰਗ ‘ਤੇ ਆਧਾਰਿਤ ਕੁਇੱਜ਼ ਦਾ ਸੰਚਾਲਨ ਕਰਨ ਤੋਂ ਇਲਾਵਾ ਚੋਣ ਪ੍ਰਕਿਰਿਆ ਬਾਰੇ ਅਹਿਮ ਜਾਣਕਾਰੀ ਵੀ ਦਿੱਤੀ। ਉਨ੍ਹਾਂ ਵੱਲੋਂ ‘ਇਸ ਵਾਰ 70 ਪਾਰ, ਵੋਟ ਜ਼ਰੂਰ ਪਾਓ’ ਦੇ ਨਾਅਰੇ ਵੀ ਲਗਾਏ।