1 ਅਪ੍ਰੈਲ ਤੋਂ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੇ ਵੀ ਲੱਗੇਗੀ ਕੋਵਿਡ ਵੈਕਸਿਨ
45 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕ ਵੀਰਵਾਰ ਤੋਂ ਲਗਵਾ ਸਕਣਗੇ ਵੈਕਸਿਨ
ਡਿਪਟੀ ਕਮਿਸ਼ਨਰ ਵੱਲੋਂ ਹਰੇਕ ਯੋਗ ਵਿਅਕਤੀ ਨੂੰ ਵੈਕਸਿਨ ਲਗਾਉਣ ਦੀ ਅਪੀਲ ਫਾਜ਼ਿਲਕਾ, 30 ਮਾਰਚ ( ਰਾਜ ਕੁਮਾਰ ਸ਼ਰਮਾ ):ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਹੈ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਡੀ ਉਮਰ ਦੇ ਸਾਰੇ ਨਾਗਰਿਕ ਕੋਵਿਡ ਵੈਕਸਿਨ ਲਗਵਾਉਣ ਲਈ ਯੋਗ ਹੋ ਜਾਣਗੇ। ਜਦ ਕਿ ਸਰਕਾਰ ਵੱਲੋਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਛੇਤੀ ਵੈਕਸਿਨ ਲਗਾਉਣ ਲਈ ਫੈਸਲਾ ਕੀਤਾ ਗਿਆ ਹੈ ਕਿ ਹੁਣ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੇ ਵੀ ਵੈਕਸਿਨ ਲਗਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਵੱਧਦੀ ਬਿਮਾਰੀ ਦੇ ਮੱਦੇਨਜਰ ਲੋਕ ਵੱਧ ਤੋਂ ਵੱਧ ਵੈਕਸਿਨ ਲਗਵਾਉਣ। ਉਨਾਂ ਨੇ ਕਿਹਾ ਕਿ ਇਹ ਵੈਕਸਿਨ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਉਨਾਂ ਨੇ ਕਿਹਾ ਸਰਕਾਰੀ ਹਸਪਤਾਲਾਂ ਵਿਚ ਇਹ ਵੈਕਸਿਨ ਮੁਫ਼ਤ ਲਗਾਈ ਜਾ ਰਹੀ ਹੈ। ਉਨਾਂ ਨੇ ਦੱਸਿਆ ਕਿ 1 ਅਪ੍ਰੈਲ ਤੋਂ ਜ਼ਿਲੇ ਦੇ 87 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੇ ਵੀ ਵੈਕਸਿਨ ਲਗਾਉਣ ਦੀ ਸੁਵਿਧਾ ਸ਼ੁਰੂ ਹੋ ਰਹੀ ਹੈ। ਇਸ ਨਾਲ ਜ਼ਿਲੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਮਿਲਾ ਕੇ ਕੁੱਲ 137 ਥਾਂਵਾਂ ਹੋ ਜਾਣਗੀਆਂ ਜਿੱਥੇ ਵੈਕਸਿਨ ਲਗਾਈ ਜਾਇਆ ਕਰੇਗੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਪਾਜਿਟਿਵ ਆਏ ਕੇਸਾਂ ਦੇ ਸੰਪਰਕਾਂ ਦਾ ਤੁਰੰਤ ਪਤਾ ਲਗਾਇਆ ਜਾਵੇ ਅਤੇ ਉਨਾਂ ਦੇ ਟੈਸਟ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਉਨਾਂ ਨੇ ਲੋਕਾਂ ਨੂੰ ਵੀ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ। ਉਨਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਪਾਜਿਟਿਵ ਆਏ ਕੇਸ ਜੋ ਕਿ ਆਪਣੇ ਘਰਾਂ ਵਿਚ ਹੀ ਇਕਾਂਤਵਾਸ ਹੁੰਦੇ ਹਨ ਉਨਾਂ ਨਾਲ ਰੋਜਾਨਾ ਰਾਬਤਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜਿਲੇ ਅੰਦਰ 4389 ਜਣੇ ਪਾਜੀਟਿਵ ਆਏ ਹਨ ਜਿਸ ਵਿਚੋਂ 4079 ਜਣਿਆਂ ਨੇ ਕਰੋਨਾ ਨੂੰ ਹਰਾਇਆ ਹੈ। ਉਨਾਂ ਦੱਸਿਆ ਕਿ ਜਿਲੇ ਅੰਦਰ 31 ਜਣੇ ਸਿਹਤਯਾਬ ਹੋਏ ਹਨ ਅਤੇ ਨਵੇਂ 16 ਕੇਸ ਆਏ ਹਨ। ਉਨਾਂ ਦੱਸਿਆ ਕਿ 220 ਜਣੇ ਐਕਟਿਵ ਹਨ ਅਤੇ 81 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਇਸ ਮੌਕੇ ਸਿਹਤ ਵਿਭਾਗ ਦੇ ਟੀਕਾਕਰਨ ਪ੍ਰੋਗਰਾਮ ਦੀ ਵੀ ਸਮੀਖਿਆ ਕੀਤੀ ਗਈ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਸਿਵਲ ਸਰਜਨ ਡਾ: ਕੁੰਦਨ ਕੇ ਪਾਲ ਹਾਜਰ ਸਨ।