ਫ਼ੌਜਦਾਰੀ ਕੇਸਾਂ ਦੀ ਆਧੁਨਿਕ ਢੰਗ ਨਾਲ ਜਾਂਚ ਕਰਨ ਲਈ ਜ਼ਿਲਾ ਪੁਲਿਸ ਨੂੰ ਮਿਲੀ ਮੋਬਾਇਲ ਫੋਰੈਂਸਿਕ ਵੈਨ
ਨਵਾਂਸ਼ਹਿਰ, 12 ਜੁਲਾਈ : ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦਿਨਕਰ ਗੁਪਤਾ ਵੱਲੋਂ ਫ਼ੌਜਦਾਰੀ ਕੇਸਾਂ ਦੀ ਆਧੁਨਿਕ ਅਤੇ ਵਿਗਿਆਨਕ ਢੰਗ ਨਾਲ ਜਾਂਚ ਕਰਨ ਲਈ ਪੁਲਿਸ ਵਿਭਾਗ ਨੂੰ ਵਧੇਰੇ ਸੁਵਿਧਾਵਾਂ ਉਪਲਬੱਧ ਕਰਵਾਉਣ ਦੀ ਦਿਸ਼ਾ ਵਿਚ ਅੱਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੂੰ ਇਕ ਆਧੁਨਿਕ ਮੋਬਾਇਲ ਫੋਰੈਂਸਿਕ ਵੈਨ ਮੁਹੱਈਆ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਇਹ ਆਧੁਨਿਕ ਮੋਬਾਇਲ ਫੋਰੈਂਸਿਕ ਵੈਨ ਫ਼ੋਜਦਾਰੀ ਕੇਸਾਂ ਦੀ ਘਟਨਾ ਸਥਾਨ ’ਤੇ ਜਾ ਕੇ ਜਾਂਚ ਕਰਨ ਲਈ ਮੈਡੀਕਲ ਕਿੱਟ, ਡਿਟੈਕਸ਼ਨ ਕਿੱਟ ਅਤੇ ਹੋਰ ਆਧੁਨਿਕ ਜਾਂਚ ਸਾਜ਼ੋ-ਸਾਮਾਨ ਅਤੇ ਸੁਵਿਧਾਵਾਂ ਨਾਲ ਲੈਸ ਹੈ। ਉਨਾਂ ਕਿਹਾ ਕਿ ਇਹ ਵੈਨ ਜ਼ਿਲਾ ਪੁਲਿਸ ਨੂੰ ਘਟਨਾ ਸਥਾਨ ਤੇ ਜਾ ਕੇ ਹਰ ਤਰਾਂ ਦੇ ਕੇਸਾਂ ਵਿਚ ਸਬੂਤ ਇਕੱਠੇ ਕਰਨ ਵਿਚ ਮਦਦ ਕਰੇਗੀ, ਜਿਸ ਨਾਲ ਦੋਸ਼ੀਆਂ ਦੀ ਪਹਿਚਾਣ ਅਤੇ ਜਾਂਚ ਦੇ ਕੰਮਾਂ ਵਿਚ ਹੋਰ ਵੀ ਨਿਪੁੰਨਤਾ ਵਿਚ ਮਦਦ ਮਿਲੇਗੀ। ਇਸ ਮੌਕੇ ਐਸ. ਪੀ (ਜਾਂਚ) ਵਜੀਰ ਸਿੰਘ ਖਹਿਰਾ, ਡੀ. ਐਸ. ਪੀ (ਸਥਾਨਕ) ਨਵਨੀਤ ਕੌਰ ਗਿੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।