ਜ਼ਿਲ਼੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਵਲੋਂ ਲਾਇਬ੍ਰੇਰੀ ਲੰਗਰ ਤਹਿਤ ਵੱਖ ਵੱਖ ਸਕੁਲਾਂ ਦਾ ਦੌਰਾ
ਵਿਦਿਆਰਥੀਆਂ ਨਾਲ ਕਿਤਾਬਾਂ ਦੀ ਨੇੜਤਾ ਵਧਾਉਣ ਲਈ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ- ਸਤਿੰਦਰਬੀਰ ਸਿੰਘ
ਅੰਮ੍ਰਿਤਸਰ, 17 ਜੁਲਾਈ – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਪੜਨ ਦੀ ਰੁਚੀ ਨੂੰ ਬਰਕਰਾਰ ਰੱਖਣ ਅਤੇ ਕੋਵਿਡ ਮਹਾਂਮਾਰੀ ਦੌਰਾਨ ਕਿਤਾਬਾਂ ਤੋਂ ਦੂਰ ਗਏ ਵਿਦਿਆਰਥੀਆਂ ਨੂੰੰ ਮੁੜ ਕਿਤਾਬਾਂ ਤੇ ਸਾਹਿਤ ਪੜਨ ਦੀ ਚੇਟਕ ਲਗਾਉਣ ਲਈ ਸ਼ੁਰੂ ਕੀਤੀ ਲਾਇਬ੍ਰੇਰੀ ਲੰਗਰ ਮੁਹਿੰਮ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਇਸ ਮੁਹਿੰਮ ਤਹਿਤ ਕਿਤਾਬਾਂ ਦੇ ਲੰਗਰ ਲਗਾ ਕੇ ਵੱਡੀ ਗਿਣਤੀ ਵਿੱਚ ਕਿਤਾਬਾਂ ਵਿਦਿਆਰਥੀਆਂ ਨੂੰ ਜਾਰੀ ਕੀਤੀਆਂ ਗਈਆਂ।
ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਮੂਹ ਅੱਪਰ ਪ੍ਰਾਇਮਰੀ ਸਰਕਾਰੀ ਸਕੂਲਾਂ ਵਿੱਚ ਲਗਾਏ ਲਾਇਬ੍ਰੇਰੀ ਲੰਗਰ ਦਾ ਜਿਲ੍ਹਾ ਪੱਧਰੀ ਰਸਮੀ ਉਦਘਾਟਨ ਸਰਕਾਰੀ ਹਾਈ ਸਕੂਲ ਨੰਗਲੀ ਦੇ ਵਿਹੜੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਵਲੋਂ ਕੀਤਾ ਗਿਆ। ਇਸ ਸਮੇਂ ਸਕੂਲ ਦੇ ਵਿਹੜੇ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਰੂ-ਬ-ਰੂ ਸ. ਸਤਿੰਦਰਬੀਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਇਹ ਮੁਹਿੰਮ ਜਿਥੇ ਸ਼ਲਾਘਾਯੋਗ ਕਦਮ ਹੈ ਉਥੇ ਹੀ ਮੌਜੂਦਾ ਸਮੇਂ ਵਿੱਚ ਇਸਦੀ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਮਹਾਂਮਾਰੀ ਕਾਰਨ ਘਰਾਂ ਵਿੱਚ ਰਹਿੰਦਿਆਂ ਵਿਦਿਆਰਥੀਆਂ ਵਲੋਂ ਕਿਤਾਬਾਂ ਤੋਂ ਕਿਨਾਰਾ ਕੀਤਾ ਜਾ ਰਿਹਾ ਸੀ ਪਰ ਇਸ ਮੁਹਿੰਮ ਨਾਲ ਵਿਦਿਆਰਥੀਆਂ ਅੰਦਰ ਕਿਤਾਬਾਂ ਪੜਨ ਦੀ ਲਗਨ ਹੋਰ ਵਿਕਸਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਆਯੋਜਿਤ ਲੰਗਰ ਦੌਰਾਨ ਕਰੀਬ 2 ਲੱਖ ਤੋਂ ਜਿਆਦਾ ਕਿਤਾਬਾਂ ਵਿਦਿਆਰਥੀਆਂ ਨੂੰ ਜਾਰੀ ਕੀਤੀਆਂ ਗਈਆਂ ਹਨ। ਇਸ ਉਪਰੰਤ ਉਨ੍ਹਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ, ਸਰਕਾਰੀ ਮਿਡਲ ਸਕੂਲ ਅਬਦਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਵਲੋਂ ਲਗਾਏ ਲਾਇਬ੍ਰੇਰੀ ਲੰਗਰ ਦਾ ਮੁਆਇਨਾ ਕਰਦਿਆਂ ਵਿਦਿਆਰਥੀਆਂ ਨੂੰ ਵੱਖ ਵੱਖ ਭਾਸ਼ਾ ਦੀਆਂ ਕਿਤਾਬਾਂ ਤੇ ਸਾਹਿਤ ਪੜਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਉਨ੍ਹਾਂ ਨਾਲ ਪ੍ਰਿੰਸੀਪਲ ਅਮਰਜੀਤ ਸਿੰਘ ਸੁਲਤਾਨਵਿੰਡ, ਸ਼੍ਰੀਮਤੀ ਦੀਪਿਕਾ ਡੀਨ ਮੁਖੀ ਸਰਕਾਰੀ ਮਿਡਲ ਸਕੂਲ ਅਬਦਾਲ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ ਹਾਜਰ ਸਨ।