ਪੇਂਡੂ ਇਲਾਕਿਆਂ ਨੂੰ ਕਰੋਨਾ ਵਾਇਰਸ ਦੇ ਚੱਲਦਿਆਂ ਰੋਗ ਮੁਕਤ ਬਣਾਉਣ ਲਈ ਸੰਪੰਨ ਹੋਈ ਸਭ ਤੋਂ ਵੱਡੀ ਮੁਹਿੰਮ
ਫਿਰੋਜ਼ਪੁਰ, 3 ਅਪ੍ਰੈਲ 2020 ( ਵਿਸ਼ਵ ਵਾਰਤਾ)-ਸ਼ਹਿਰਾਂ ਦੀ ਤਰ੍ਹਾਂ ਪੇਂਡੂ ਇਲਾਕਿਆਂ ਨੂੰ ਰੋਗ ਮੁਕਤ ਕਰਨ ਦੇ ਲਈ ਸ਼ੈਨੇਟਾਈਜ਼ਰ ਦੇ ਛਿੜਕਾਅ ਦੀ ਮੁਹਿੰਮ ਪੂਰੀ ਹੋ ਗਈ ਹੈ, ਜਿਸ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਾਰੀਆਂ 838 ਗਰਾਮ ਪੰਚਾਇਤਾਂ ਵਿਚ ਕੀਟਨਾਸ਼ਕ ਸਪ੍ਰੈਅ ਦਾ ਛਿੜਕਾਅ ਕਰਵਾਇਆ ਗਿਆ ਹੈ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 6920 ਲੀਟਰ ਸਪ੍ਰੈਅ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਸਾਰੇ ਪਿੰਡਾਂ ਵਿਚ ਛਿੜਕਾਅ ਕੀਤਾ ਗਿਆ ਹੈ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਦੀ ਅਗਵਾਈ ਵਿਚ ਪੂਰੇ ਜ਼ਿਲ੍ਹੇ ਵਿਚ ਕੀਟਾਣੂ ਨਾਸ਼ਕ ਸਪ੍ਰੈਅ ਦੇ ਛਿੜਕਾਅ ਦੀ ਇੱਕ ਖ਼ਾਸ ਮੁਹਿੰਮ ਚਲਾਈ ਗਈ ਸੀ। ਇਸ ਦੇ ਤਹਿਤ ਗਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਸਪ੍ਰੈਅ ਕੀਤਾ ਗਿਆ ਅਤੇ ਫਿਰੋਜ਼ਪੁਰ ਦੇ ਸਾਰੇ ਪਿੰਡਾਂ ਵਿਚ ਇਹ ਸਪ੍ਰੈਅ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਰਫ਼ਿਊ ਦੇ ਦੌਰਾਨ ਪਿੰਡਾਂ ਨੂੰ ਕੀਟਾਣੂ ਮੁਕਤ ਬਣਾਉਣ ਦੇ ਲਈ ਇਹ ਸਪ੍ਰੈਅ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਤਹਿਤ ਲੋਕਾਂ ਨੂੰ ਕਰਫ਼ਿਊ ਦੇ ਦੌਰਾਨ ਹਰੇਕ ਤਰ੍ਹਾਂ ਦੀ ਸਹੂਲੀਅਤ ਮੁਹੱਈਆ ਕਰਵਾਉਣ ਅਤੇ ਪਿੰਡਾਂ ਤੇ ਸ਼ਹਿਰਾਂ ਨੂੰ ਕੀਟਾਣੂ ਮੁਕਤ ਰੱਖਣ ਦੇ ਲਈ ਵਚਨਬੱਧ ਹਾਂ ਪਰ ਇਸ ਲਈ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਕਰਫ਼ਿਊ ਦੇ ਦੌਰਾਨ ਸੰਯਮ ਵਰਤਣ ਅਤੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਾਰੀਆਂ ਜ਼ਰੂਰੀ ਵਸਤੂਆਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ।