ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ’ਚ ਹਲਕਾ ਨਕੋਦਰ ਜ਼ਿਲ੍ਹੇ ਭਰ ’ਚ ਮੋਹਰੀ
ਜਲੰਧਰ, 7 ਸਤੰਬਰ : ਵੋਟਰ ਸੂਚੀ ਨੂੰ ਹੋਰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 6,13,435 ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਨਕੋਦਰ ਦੇ 104465 ਵੋਟਰਾਂ, ਫਿਲੌਰ ਦੇ 86655, ਕਰਤਾਰਪੁਰ ਦੇ 78147, ਸ਼ਾਹਕੋਟ ਦੇ 66560, ਜਲੰਧਰ ਪੱਛਮੀ ਦੇ 67093, ਜਲੰਧਰ ਕੇਂਦਰੀ ਦੇ 46039, ਜਲੰਧਰ ਉੱਤਰੀ ਦੇ 54714, ਜਲੰਧਰ ਕੈਂਟ ਦੇ 55741 ਅਤੇ ਆਦਮਪੁਰ ਹਲਕੇ ਦੇ 54021 ਵੋਟਰਾਂ ਦੇ ਵੋਟਰ ਕਾਰਡ ਅਧਾਰ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਨਕੋਦਰ 53.59 ਫੀਸਦੀ ਵੋਟਰਾਂ ਦੇ ਵੋਟਰ ਕਾਰਡ ਆਧਾਰ ਨਾਲ ਲਿੰਕ ਕਰ ਕੇ ਜ਼ਿਲ੍ਹੇ ਦੇ ਸਮੂਹ ਹਲਕਿਆਂ ’ਚ ਮੋਹਰੀ ਰਿਹਾ ਹੈ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵੋਟਰਾਂ ਦਾ ਆਧਾਰ ਡਾਟਾ ਇਕੱਤਰ ਕਰਨ ਲਈ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਬੀ.ਐਲ.ਓਜ਼ ਵੱਲੋਂ ਪਿਛਲੇ ਦਿਨੀਂ ਵਿਸ਼ੇਸ਼ ਕੈਂਪ ਲਗਾਇਆ ਗਿਆ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਅਜਿਹੇ ਹੀ ਹੋਰ ਕੈਂਪ 16 ਅਕਤੂਬਰ, 20 ਨਵੰਬਰ, 4 ਦਸੰਬਰ, 8 ਜਨਵਰੀ 2023, 5 ਫਰਵਰੀ 2023 ਅਤੇ 5 ਮਾਰਚ 2023 ਨੂੰ ਲਗਾਏ ਜਾਣਗੇ, ਜਿਥੇ ਬੀ.ਐਲ.ਓਜ਼ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ-6ਬੀ ’ਚ ਆਧਾਰ ਨੰਬਰ ਪ੍ਰਾਪਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਵੋਟਰ ਘਰ ਬੈਠੇ ਆਪਣਾ ਵੋਟਰ ਕਾਰਡ ਆਧਾਰ ਨਾਲ ਲਿੰਕ ਕਰਨ ਲਈ www.nvsp.in ’ਤੇ ਲਾਗ-ਇਨ ਜਾਂ ਵੋਟਰ ਹੈਲਪ-ਲਾਈਨ ਐਪ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਆਪਣੇ ਇਲਾਕੇ ਦੇ ਬੀ.ਐਲ.ਓ. ਨਾਲ ਵੀ ਰਾਬਤਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕੰਮ-ਕਾਜ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਵੋਟਰ ਹੈਲਪਲਾਈਨ ਨੰਬਰ 1950 (ਟੋਲ ਫ੍ਰੀ) ’ਤੇ ਸੰਪਰਕ ਕੀਤਾ ਜਾ ਸਕਦਾ ਹੈ।