ਜ਼ਿਲ੍ਹੇ ’ਚ ਪਟਾਕਾ ਵਿਕ੍ਰੇਤਾਵਾਂ ਨੂੰ ਆਰਜ਼ੀ ਲਾਇਸੰਸ ਅਲਾਟ ਕਰਨ ਦੇ ਡਰਾਅ ਕੱਢੇ ਗਏ
ਨਵਾਂਸ਼ਹਿਰ ਸਬ ਡਵੀਜ਼ਨ ’ਚ 4, ਬੰਗਾ ਤੇ ਬਲਾਚੌਰ ’ਚ ਦੋ-ਦੋ ਲਾਇਸੰਸ
ਨਿਰਧਾਰਿਤ ਥਾਂਵਾਂ ਤੋਂ ਬਿਨਾਂ ਲੱਗਣ ਵਾਲੀਆਂ ਪਟਾਕਾ ਸਟਾਲਾਂ ’ਤੇ ਹੋਵੇਗੀ ਕਾਰਵਾਈ
ਨਵਾਂਸ਼ਹਿਰ, 19 ਅਕਤੂਬਰ, 2022: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਐਸ ਡੀ ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਤੇ ਐਸ ਡੀ ਐਮ ਬਲਾਚੌਰ ਵਿਕਰਮਜੀਤ ਸਿੰਘ ਪਾਂਥੇ ਦੀ ਮੌਜੂਦਗੀ ’ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਨਿਰਧਾਰਿਤ 8 ਥਾਂਵਾਂ ’ਤੇ ਲੱਗਣ ਵਾਲੀਆਂ ਪਟਾਕਾ ਸਟਾਲਾਂ ਲਈ ਆਰਜ਼ੀ ਲਾਇਸੰਸ ਡਰਾਅ ਰਾਹੀਂ ਅਲਾਟ ਕੀਤੇ। ਜ਼ਿਲ੍ਹੇ ’ਚ ਇਨ੍ਹਾਂ ਵੱਖ-ਵੱਖ ਥਾਂਵਾਂ ਲਈ ਕੁੱਲ 52 ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਸਬ ਡਵੀਜ਼ਨ ’ਚ 4, ਬੰਗਾ ਤੇ ਬਲਾਚੌਰ ’ਚ ਦੋ-ਦੋ ਲਾਇਸੰਸ ਅਲਾਟ ਕੀਤੇ ਗਏ। ਨਵਾਂਸ਼ਹਿਰ ਸਬ ਡਵੀਜ਼ਨ ’ਚ ਨਵਾਂਸ਼ਹਿਰ ਦੇ ਦੋਆਬਾ ਆਰੀਆ ਸਕੂਲ, ਰਾਹੋਂ ਰੋਡ ਨਵਾਂਸ਼ਹਿਰ ਲਈ ਸਰਬਜੀਤ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਅਸ਼ੋਕ ਕੁਮਾਰ ਪਾਸਵਾਨ ਪੁੱਤਰ ਨਰੇਸ਼ ਕੁਮਾਰ ਦਾ ਡਰਾਅ ਨਿਕਲਿਆ। ਦੁਸਹਿਰਾ ਗਰਾਊਂਡ ਔੜ ਲਈ ਦੁਸ਼ਿਅੰਤ ਕੌਲ ਪੁੱਤਰ ਸੁਖਦੇਵ ਸਿੰਘ ਅਤੇ ਦੁਸਿਹਰਾ ਗਰਾਊਂਡ ਰਾਹੋਂ ਲਈ ਹਰਪ੍ਰੀਤ ਭੱਠਲ ਪੁੱਤਰ ਹਰਮੇਸ਼ ਸਿੰਘ ਦਾ ਡਰਾਅ ਨਿਕਲਿਆ।
ਬੰਗਾ ਸਬ ਡਵੀਜ਼ਨ ’ਚ ਦੁਸਹਿਰਾ ਗਰਾਊਂਡ, ਮੁਕੰਦਪੁਰ ਰੋਡ ਬੰਗਾ ਲਈ ਵਿਨੋਦ ਕੁਮਾਰ ਪੁੱਤਰ ਕਸਤੂਰੀ ਲਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀ ਗਰਾਊਂਡ ਲਈ ਰਾਮ ਲੁਭਾਇਆ ਪੁੱਤਰ ਬਖਸ਼ੀ ਰਾਮ ਦਾ ਡਰਾਅ ਨਿਕਲਿਆ।
ਬਲਾਚੌਰ ਸਬ ਡਵੀਜ਼ਨ ਲਈ ਦੁਸਹਿਰਾ ਗਰਾਊਂਡ ਬਲਾਚੌਰ ਲਈ ਰਾਜੀਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਗਰਾਊਂਡ ਲਈ ਸੁਰਿੰਦਰ ਕੁਮਾਰ ਪੁੱਤਰ ਨਿਸ਼ਾ ਰਾਮ ਦਾ ਡਰਾਅ ਨਿਕਲਿਆ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਆਰਜ਼ੀ ਲਾਇਸੰਸੀਆਂ ਨੂੰ ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਫ਼ੀਸ ਜਮ੍ਹਾਂ ਕਰਵਾਉਣ ਤੋਂ ਇਲਾਵਾ ‘ਕੈਜ਼ੂਅਲ ਟੈਕਸੇਬਲ ਪਰਸਨ’ ਤਹਿਤ ਜੀ ਐਸ ਟੀ ਰਜਿਸਟ੍ਰੇਸ਼ਨ ਲੈ ਕੇ ਐਡਵਾਂਸ ਅਨੁਮਾਨਿਤ ਜੀ ਐਸ ਟੀ ਟੈਕਸ ਭਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲਾਗੂ ਸੁਰੱਖਿਆ ਸ਼ਰਤਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਜਿਸ ਥਾਂ ਲਈ ਆਰਜ਼ੀ ਲਾਇਸੰਸ ਡਰਾਅ ਰਾਹੀਂ ਕੱਢੇ ਗਏ ਹਨ, ਕੇਵਲ ਉਹੀ ਵਿਅਕਤੀ ਉਨ੍ਹਾਂ ਥਾਂਵਾਂ ’ਤੇ ਪਟਾਕਿਆਂ ਦੀ ਸਟਾਲ ਲਾ ਸਕਣਗੇ ਅਤੇ ਇਸ ਤੋਂ ਇਲਾਵਾ ਜ਼ਿਲ੍ਹੇ ’ਚ ਕਿਸੇ ਵੀ ਥਾਂ ’ਤੇ ਲਾਈ ਗਈ ਪਟਾਕਿਆਂ ਦੀ ਸਟਾਲ ਗੈਰ-ਕਾਨੂੰਨੀ ਹੋਵੇਗੀ, ਜਿਸ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।