ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਨੇ ਫਲੈਕਸ ਬੋਰਡ ਲਗਾਏ
ਜਦ ਤਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ
ਹੋ ਜਾਂਦੇ, ਉਦੋਂ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰਾਂ ਦਾ ਪਿੰਡ ’ਚ ਵੜਨਾ
ਮਨ੍ਹਾਂ ਹੈ
ਫ਼ਿਰੋਜ਼ਪੁਰ, 12 ਜੁਲਾਈ : ਇਕ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ
ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀ
ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ਦੇ ਕਿਸਾਨਾਂ ਵਿੱਚ ਕੇਂਦਰ ਸਰਕਾਰ ਦੇ ਪ੍ਰਤੀ ਰੋਸ
ਵਧਦਾ ਜਾ ਰਿਹਾ ਹੈ। ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਹੈ, ਕਿਸਾਨ ਜਥੇਬੰਦੀਆਂ ਸਾਰੀਆਂ
ਸਿਆਸੀ ਪਾਰਟੀਆਂ ਦੇ ਤੇਵਰ ਦੇਖ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਮਝ ਆ ਰਿਹਾ ਹੈ ਕਿ
ਉਨ੍ਹਾਂ ਦੀ ਮਦਦ ਤੋਂ ਜ਼ਿਆਦਾ ਪਾਰਟੀਆਂ ਅਤੇ ਲੀਡਰ ਲੋਕ, ਕਿਸਾਨਾਂ ਨਾਲ ਹਮਦਰਦੀ ਜਤਾ
ਕੇ ਵੋਟਾਂ ਦਾ ਲਾਭ ਲੈਣਾ ਚਾਹੁੰਦੇ ਹਨ। ਅਜਿਹੇ ਵਿੱਚ ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ
ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਫਲੈਕਸ ਬੋਰਡ ਲਗਾ ਦਿੱਤੇ ਹਨ, ਜਿਨ੍ਹਾਂ ’ਤੇ ਲਿਖਿਆ
ਗਿਆ ਹੈ ਕਿ ਜੋ ਕਿਸਾਨਾਂ ਦਾ ਸਾਥ ਦੇਵੇਗਾ, ਉਹੀ ਪਿੰਡ ਵਿੱਚ ਵੜ ਸਕੇਗਾ। ਕੁਝ ਜਗ੍ਹਾ
’ਤੇ ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨੂੰ ਖੁੱਲ੍ਹੇਆਮ ਚਿਤਾਵਨੀ ਦਿੰਦੇ ਹੋਏ
ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨ ਰੱਦ
ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਵੀ ਸਿਆਸੀ ਪਾਰਟੀ ਜਾਂ ਲੀਡਰ ਦਾ ਇਸ ਪਿੰਡ ਵਿੱਚ
ਵੜਨਾ ਮਨ੍ਹਾਂ ਹੈ ਅਤੇ ਕੁਝ ਪਿੰਡਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਰੀਆਂ
ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਦ ਤਕ ਕੇਂਦਰ ਸਰਕਾਰ
ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਓਨੀ ਦੇਰ ਤਕ ਕੋਈ ਵੀ
ਲੀਡਰ ਸਾਡੇ ਪਿੰਡ ਵਿੱਚ ਨਾ ਆਵੇ ਅਤੇ ਜੇਕਰ ਕੋਈ ਲੀਡਰ ਪਿੰਡ ਵਿੱਚ ਆਵੇਗਾ ਤਾਂ ਉਸ ਦਾ
ਵਿਰੋਧ ਕੀਤਾ ਜਾਵੇਗਾ।