-ਭੱਠਿਆਂ, ਰਾਈਸ ਸੈਲਰਾਂ ਦੀ ਲੇਬਰ ਦੀਆਂ ਜਰੂਰਤਾਂ ਮੱਦੇਨਜ਼ਰ ਲਿਆ ਫੈਸਲਾ-ਜ਼ਿਲ੍ਹਾ ਮੈਜਿਸਟ੍ਰੇਟ
-ਲੇਬਰ ਦੀਆਂ ਜਰੂਰਤਾਂ ਲਈ ਲੋੜੀਦੇ ਪ੍ਰਬੰਧ ਕਰਨ ਉਪਰੰਤ ਸ਼ੈਲਰ/ਭੱਠਾ ਮਾਲਕ ਸਵੇਰੇ 9:00 ਵਜੇ ਤੱਕ ਆਪਣੀ ਰਿਹਾਇਸ਼ ਤੇ ਆਉਣ ਲਈ ਹੋਣਗੇ ਪਾਬੰਦ
ਮੋਗਾ 28 ਮਾਰਚ( ਵਿਸ਼ਵ ਵਾਰਤਾ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋ ਜ਼ਿਲ੍ਹੇ ਅੰਦਰ ਕੋਰੋਨਾ ਖਿਲਾਫ ਛੇੜੀ ਗਈ ਜੰਗ ਤਹਿਤ ਕਰਫਿਊ ਦੇ ਆਦੇਸ਼ ਜਾਰੀ ਕੀਤੇ ਗਏ ਹਨ. ਇਨ੍ਹਾਂ ਆਦੇਸ਼ਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਅੰਦਰ ਕਈ ਇੱਟਾਂ ਦੇ ਭੱਠਿਆਂ ਅਤੇ ਰਾਈਸ ਸੈਲਰਾਂ ਵਿੱਚ ਲੇਬਰ ਕੰਮ ਕਰਦੀ ਹੈ ਜੋ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਆਪਣੇ ਮਾਲਕਾਂ ਤੇ ਨਿਰਭਰ ਕਰਦੀ ਹੈ।
ਕਰਫਿਊ ਹੋਣ ਕਾਰਣ ਮਾਲਕ ਆਪਣੇ ਭੱਠਿਆਂ ਅਤੇ ਸ਼ੈਲਰਾਂ ਤੇ ਨਹੀ ਜਾ ਸਕਦੇ ਜਿਸ ਕਰਕੇ ਲੇਬਰ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਇਸ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪੈਦੇ ਭੱਠਿਆਂ ਅਤੇ ਸ਼ੈਲਰ ਮਾਲਕਾਂ ਨੂੰ ਸਵੇਰੇ 6:00 ਵਜੇ ਤੋ 8:00 ਵਜੇ ਤੱਕ ਆਪਣੇ ਭੱਠਿਆਂ ਅਤੇ ਸ਼ੈਲਰਾਂ ਤੇ ਆਪਣੇ ਵਹੀਕਲਾਂ ਸਮੇਤ ਜਾਣ ਲਈ ਕਰਫਿਊ ਦੌਰਾਨ ਛੋਟ ਜਾਰੀ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਭੱਠਾ/ਸੈਲਰ ਮਾਲਕ ਆਪਣੇ ਭੱਠਿਆਂ ਅਤੇ ਸੈਲਰਾਂ ਦੀ ਲੇਬਰ ਦੀਆਂ ਰੋਜ਼ਾਨਾ ਦੀਆਂ ਲੋੜਾ ਪੂਰੀਆਂ ਕਰਨ ਲਈ ਲੋੜੀਦੇ ਪ੍ਰਬੰਧ ਕਰਨ ਉਪਰੰਤ ਸਵੇਰੇ 9:00 ਵਜੇ ਤੱਕ ਆਪਣੇ ਰਿਹਾਇਸ਼ੀ ਸਥਾਨਾਂ ਤੇ ਆਉਣ ਲਈ ਪਾਬੰਦ ਹੋਣਗੇ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅਜਿਹਾ ਕਰਦੇ ਸਮੇ ਉਹ ਕੋਵਿਡ-19 ਸਬੰਧੀ ਭਾਰਤ ਸਰਕਾਰ/ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਆਪਣੇ ਆਪਣੇ ਸੰਸਥਾਨ ਵਿੱਚ ਲਾਗੂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੁਤਾਹੀਕਾਰ ਵਿਰਰੁੱਧ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕਰਾਵਾਈ ਅਮਲ ਵਿੱਚ ਲਿਆਂਦੀ ਜਾਵੇਗੀ।