ਜ਼ਿਲ੍ਹਾ ਤੇ ਸੈਸ਼ਨ ਜੱਜ ਬਾਜਵਾ ਵੱਲੋਂ ਵਿਦਿਆਰਥੀਆਂ ਨੂੰ ਬਾਲ ਮਜ਼ਦੂਰੀ, ਬਾਲ ਵਿਆਹ ਤੇ ਬਾਲ ਭਿਖਿਆ ਜਿਹੀਆਂ ਕੁਰੀਤੀਆਂ ਪ੍ਰਤੀ ਕੀਤਾ ਗਿਆ ਜਾਗਰੂਕ
ਨਵਾਂਸ਼ਹਿਰ, 9 ਨਵੰਬਰ(ਵਿਸ਼ਵ ਵਾਰਤਾ)-ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ, ਕੰਵਲਜੀਤ ਸਿੰਘ ਬਾਜਵਾ ਨੇ ਅੱਜ ਕਾਨੂੰਨੀ ਸੇਵਾਵਾਂ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਦੇ ਵਿਦਿਆਰਥੀਆਂ ਨਾਲ ਮਨਾਇਆ।
ਉਨ੍ਹਾਂ ਨੇ ਵਿਦਿਆਰਥੀਆਂ ਦੀ ਵਾਕਾਥਾਨ ਰਵਾਨਾ ਕਰਨ ਤੋਂ ਪਹਿਲਾਂ ਅਤੇ ਕਾਨੂੰਨੀ ਸੇਵਾਵਾਂ ਪ੍ਰਤੀ ਇੱਕਮੁਠਤਾ ਪ੍ਰਗਟਾਉਣ ਲਈ ਮਾਨਵੀ ਚੇਨ ਬਣਾਉਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ ਕਲ੍ਹ ਦੇ ਸਫ਼ਲ ਨਾਗਰਿਕ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਸਿਖਿਆ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕਤਾ ਲਈ ਵੱਡੀ ਜ਼ਿੰਮੇਂਵਾਰੀ ਨਿਭਾਈ ਜਾ ਸਕਦੀ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਭਾਵੇਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਆਦੇਸ਼ਾਂ ’ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ’ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 31 ਅਕਤੂਬਰ ਤੋਂ 13 ਨਵੰਬਰ ਤੱਕ ਜ਼ਿਲ੍ਹੇ ਦੇ ਸਾਰੇ 466 ਪਿੰਡਾਂ ’ਚ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕਤਾ ਲਈ ‘ਇੰਮਪਾਵਰਮੈਂਟ ਆਫ ਸਿਟੀਜ਼ਨਸ ਥਰੂਰ ਲੀਗਲ ਅਵੇਅਰਨੈਸ ਐਂਡ ਆਊਟਰੀਚ’ ਮੁਹਿੰਮ ਚਲਾਈ ਜਾ ਰਹੀ ਹੈ ਪਰ ਵਿਦਿਆਰਥੀਆਂ ਨਾਲ ਸੰਵਾਦ ਦਾ ਮਕਸਦ ਸਮਾਜ ’ਚ ਫੈਲੀਆਂ ਕੁਰੀਤੀਆਂ ਜਿਵੇਂ ਬਾਲ ਮਜ਼ਦੂਰੀ, ਬਾਲ ਵਿਆਹ ਤੇ ਬਾਲ ਭਿਖਿਆ ਪ੍ਰਤੀ ਚੇਤੰਨਤਾ ਪੈਦਾ ਕਰਕੇ ਸਮਾਜ ਨੂੰ ਠੋਸ ਸੁਨੇਹਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕੁਰੀਤੀਆਂ ਸਾਡੇ ਆਲੇ-ਦੁਆਲੇ ਚਲਦੀਆਂ ਰਹਿੰਦੀਆਂ ਹਨ ਪਰ ਬਹੁਤਾ ਧਿਆਨ ਨਾ ਦੇਣ ਕਾਰਨ, ਇਨ੍ਹਾਂ ਦਾ ਚਿਹਰਾ ਕਰੂਪ ਹੁੰਦਾ ਜਾਂਦਾ ਹੈ। ਵਿਦਿਆਰਥੀ ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਜਾਗਰੂਕ ਕਰਕੇ, ਚੌਂਕਾਂ ’ਚ ਖੜ੍ਹੇ ਬੱਚਿਆਂ ਨੂੰ ਭੀਖ ਦੇ ਇਸ ਕਿੱਤੇ ’ਚੋਂ ਛੁਡਾਉਣ ’ਚ ਵੱਡੀ ਮੱਦਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਭੀਖ ਨਾ ਦੇ ਕੇ, ਉਨ੍ਹਾਂ ਨੂੰ ਸਵੈ-ਸੇਵੀ ਤੇ ਸਰਕਾਰੀ ਸੰਸਥਾਂਵਾਂ ਰਾਹੀਂ ਪੜ੍ਹਨ-ਲਿਖਣ ਵੱਲ ਲਾ ਕੇ, ਉੁਨ੍ਹਾਂ ਦੇ ਭਵਿੱਖ ਨੂੰ ਬੇਹਤਰ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਪਿਛਲੇ ਸਾਲ ਬਾਲ ਭਿਖਿਆ ਖਿਲਾਫ਼ ਮੁਹਿੰਮ ਦਾ ਹਵਾਲਾ ਦਿੰਦਿਆਂ ਦੱਸਿਆ ਕਿ 40 ਤੋਂ 45 ਬੱਚਿਆਂ ਨੂੰ ਐਨ ਜੀ ਓ ਦੀ ਮੱਦਦ ਰਾਹੀਂ ਸਿਖਿਆ ਨਾਲ ਜੋੜਿਆ ਗਿਆ ਸੀ, ਜਿਸ ਵਿੱਚ ਸਮਾਜ ਸੇਵੀਆਂ ਨੇ ਵੀ ਯੋਗਦਾਨ ਦਿੱਤਾ। ਇਸ ਮੁਹਿੰਮ ਤਹਿਤ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਹੁਣ 265 ’ਤੇ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਜਾਣਕਾਰੀ ਅਸੀਂ ਬਾਲ ਭਲਾਈ ਕਮੇਟੀ ਤੱਕ ਪਹੁੰਚਾਈਏ। ਬਾਲ ਵਿਆਹ ਦੇ ਮਾੜੇ ਨਤੀਜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜਾ ਸਮਾਂ ਬਚਪਨ ਦੇ ਪੜ੍ਹ-ਲਿਖ ਕੇ ਵਧਣ-ਫੁੱਲਣ ਦਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਆਪਣੀ ਸਿਖਿਆ ਅਤੇ ਸਮਝ ਮੁਤਾਬਕ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਹੁੰਦਾ ਹੈ, ਉਹ ਸਮਾਂ ਅਤੇ ਭਵਿੱਖ ਬਾਲ ਵਿਆਹ ਦੇ ਪ੍ਰਛਾਵੇਂ ਹੇਠ ਨਸ਼ਟ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਬਾਲ ਮਜ਼ਦੂਰੀ ਕਰਵਾ ਕੇ ਅਸੀਂ ਇੱਕ ਬੱਚੇ ਦਾ ਜੀਵਨ ਜਿਊਣ ਦਾ ਅਧਿਕਾਰ ਖੋਹ ਲੈਂਦੇ ਹਾਂ ਤੇ ਉਸ ਨੂੰ ਮਿਲਣ ਵਾਲੀ ਸਿਖਿਆ ਤੇ ਹੋਰ ਸੁੁਵਿਧਾਵਾਂ ਤੋਂ ਵੰਚਿਤ ਕਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਪਾਸੇ ਬੜੀ ਵਧੀਆ ਜ਼ਿੰਮੇਂਵਾਰੀ ਨਿਭਾਅ ਸਕਦੇ ਹਨ ਅਤੇ ਅਜਿਹੀਆਂ ਕੁਰੀਤੀਆਂ ਬਾਰੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਨੰਬਰ 1968 ’ਤੇ ਵੀ ਦੱਸਿਆ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਜਾਂ ਉਨ੍ਹਾਂ ਦੇ ਪਰਿਵਾਰਕ ਮੈਬਰ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਪੈਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ, ਟੈਲੀਫੋਨ ਨੰਬਰ 01823-223511 ਅਤੇ ਪੰਜਾਬ ਸਟੇਟ ਲੀਗਲ ਸਰਵਿਸਜ ਦੇ ਟੋਲ ਫ੍ਰੀ ਨੰਬਰ 1968 ’ਤੇ ਸੰਪਰਕ ਕਰਕੇ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਸੀ ਜੇ ਐਮ ਅਸ਼ੀਸ਼ ਬਾਂਸਲ ਨੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਨਵਾਂਸ਼ਹਿਰ ਤੋਂ ਵਾਕਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਕਿ ਚੰਡੀਗੜ੍ਹ ਚੌਂਕ ਤੋਂ ਵਾਪਸ ਸਰਕਾਰੀ ਸਕੂਲ ਤੱਕ ਆ ਕੇ ਸਮਾਪਤ ਹੋਈ। ਵਿਦਿਆਰਥੀਆਂ ਵੱਲੋਂ ਆਮ ਲੋਕਾਂ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਮਾਨਵੀ ਚੇਨ ਵੀ ਬਣਾਈ ਗਈ। ਇਸ ਮੌਕੇ ਵਾਕਾਥਨ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾਂ, ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਲੈਕਚਰਾਰ ਪੂਜਾ ਸ਼ਰਮਾ ਤੇ ਸਕੂਲ ਸਟਾਫ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਾਲੰਟੀਅਰ ਤੇ ਸਟਾਫ਼ ਵੀ ਹਾਜ਼ਰ ਸਨ।