ਜ਼ਿਲ੍ਹਾ ਚੋਣ ਅਫ਼ਸਰ ਵਲੋਂ ਦੂਜੇ ਰਾਜਾਂ ਤੋਂ ਆਏ ਵਿਅਕਤੀਆਂ ਉੱਪਰ ਕਰੜੀ ਨਿਗਰਾਨੀ ਦੇ ਹੁਕਮ
ਰਿਟਰਨਿੰਗ ਅਫ਼ਸਰਾਂ ਨੂੰ ਸੂਚੀਆਂ ਬਣਾਉਣ ਦੇ ਨਿਰਦੇਸ਼
ਕਪੂਰਥਲਾ,27 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਚਾਰਾਂ ਵਿਧਾਨ ਸਭਾ ਹਲਕਿਆਂ ਸੁਲਤਾਨਪੁਰ ਲੋਧੀ,ਫਗਵਾੜਾ,ਭੁਲੱਥ ਅਤੇ ਕਪੂਰਥਲਾ ਦੇ ਰਿਟਰਨਿੰਗ ਅਫ਼ਸਰਾਂ ਅਤੇ ਡੀ.ਐਸ.ਪੀਜ਼ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਸ਼ਾਂਤੀਪੂਰਵਕ ਚੋਣਾਂ ਯਕੀਨੀ ਬਣਾਉਣ ਲਈ ਦੂਜੇ ਰਾਜਾਂ ਤੋਂ ਆ ਰਹੇ ਜਾਂ ਪਿਛਲੇ ਕੁਝ ਸਮੇਂ ਦੌਰਾਨ ਆਏ ਲੋਕਾਂ ਉੱਪਰ ਕਰੜੀ ਨਿਗਰਾਨੀ ਰੱਖਣ।
ਅੱਜ ਰਿਟਰਨਿੰਗ ਅਫ਼ਸਰਾਂ ,ਪੁਲਿਸ ਅਧਿਕਾਰੀਆਂ ਅਤੋ ਨੋਡਲ ਅਫ਼ਸਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਆਏ ਵਿਅਕਤੀਆਂ ਦੀ ਸੂਚੀਆਂ ਤਿਆਰ ਕੀਤੀਆ ਜਾਣ।
ਉਨ੍ਹਾਂ ਸਟੈਟਿਕ ਸਰਵੀਲੈਂਸ ਟੀਮਾਂ ਅਤੇ ਉਡਣ ਦਸਤਿਆਂ ਦੇ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਗਸ਼ਤ ਵਿਚ ਤੇਜ਼ੀ ਲਿਆਉਣ ਅਤੇ ਸਥਾਈ ਨਾਕਿਆਂ ਉੱਪਰ ਵਾਹਨਾਂ ਦੀ ਜਾਂਚ ਨੂੰ ਵਧਾਇਆ ਜਾਵੇ।
ਐਸ.ਪੀ ਮਨਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਉਪਰੰਤ 9 ਲੱਖ 35 ਹਜ਼ਾਰ ਰੁਪਏ ਦੀ ਅਣਅਧਿਕਾਰਤ ਰਾਸ਼ੀ ਬਰਾਮਦ ਕੀਤੀ ਜਾ ਚੁੱਕੀ ਹੈ ਜਿਸ ਵਿਚੋਂ 3 ਲੱਖ ਰੁਪਏ ਢਿਲਵਾਂ ਅਤੇ 6.16 ਲੱਖ ਰੁਪਏ ਫ਼ਗਵਾੜਾ ਵਿਖੇ ਬਰਾਮਦ ਕੀਤੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਰਿਟਰਨਿੰਗ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ 80 ਸਾਲ ਤੋਂ ਉੱਪਰ ਦੇ ਵੋਟਰਾਂ ਅਤੇ ਸਰੀਰਕ ਤੌਰ ਤੇ ਅਸਮਰੱਥ ਵੋਟਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਦੀ ਸਹੂਲਤ ਦੇਣ ਲਈ 12-ਡੀ ਫ਼ਾਰਮਾਂ ਦੀ ਵੰਡ ਦਾ ਕੰਮ ਜਲਦ ਮੁਕੰਮਲ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਵਿਰਸਾ ਵਿਹਾਰ ਵਿਖੇ ਸਥਾਪਿਤ ਗਿਣਤੀ ਕੇਂਦਰਾਂ ਵਿਚ ਸੀ.ਸੀ.ਟੀ.ਵੀ ਲਗਾਉਣ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਿਤ ਸਮੇਂ ਅੰਦਰ ਕਰਨਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ।