ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਵਿਧਾਨ ਸਭਾ ਕਮੇਟੀ ਦੀ ਰਿਪਰੋਟ ’ਤੇ ਤੁਰੰਤ ਹੋਵੇਗੀ ਕਾਰਵਾਈ-ਰਾਣਾ ਗੁਰਜੀਤ ਸਿੰਘ
ਤਕਨੀਕੀ ਸਿੱਖਿਆ ਵਿਭਾਗ ਵਿੱਚ ਮੁੱਖ ਮੰਤਰੀ ਵਲੋਂ ਆਰੰਭੇ ਪ੍ਰਾਜੈੱਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਉਣ ਦਾ ਐਲਾਨ
ਬਤੌਰ ਕੈਬਨਿਟ ਮੰਤਰੀ ਪਹਿਲੀ ਵਾਰ ਕਪੂਰਥਲਾ ਪੁੱਜਣ ਤੇ ਪ੍ਰਸ਼ਾਸਕੀ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਵਲੋਂ ਸ਼ਾਨਦਾਰ ਸਵਾਗਤ
ਕਪੂਰਥਲਾ/ਚੰਡੀਗੜ੍ਹ 3 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਦੇ ਭੂਮੀ ਰੱਖਿਆ, ਜਲ ਸੰਭਾਲ, ਤਕਨੀਕੀ ਸਿੱਖਿਆ ਤੇ ਬਾਗਬਾਨੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਵਿਧਾਨ ਸਭਾ ਵਲੋਂ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਰੋਕਣ ਲਈ ਵਿਧਾਇਕਾਂ ਦੀ 6 ਮੈਂਬਰੀ ਕਮੇਟੀ ਵਲੋਂ ਸੌਂਪੀ ਰਿਪੋਰਟ ਅਨੁਸਾਰ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਵਿਧਾਨ ਸਭਾ ਵਲੋਂ 24 ਮਾਰਚ 2021 ਨੂੰ ਉਸ ਵੇਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ 6 ਵਿਧਾਇਕਾਂ ਦੀ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਲੋਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਰਿਪਰੋਟ ਸੌਂਪੀ ਜਾ ਚੁੱਕੀ ਹੈ।
ਅੱਜ ਇੱਥੇ ਸਥਾਨਕ ਰੈਸਟ ਹਾਊਸ ਵਿਖੇ ਬਤੌਰ ਕੈਬਨਿਟ ਮੰਤਰੀ ਅਹੁਦਾ ਸੰਭਾਲਣ ਪਿੱਛੋਂ ਪਹਿਲੀ ਵਾਰ ਸਾਬਕਾ ਵਿਧਾਇਕਾ ਸ੍ਰੀਮਤੀ ਰਾਜਬੰਸ ਕੌਰ ਰਾਣਾ ਦੇ ਨਾਲ ਪਹੁੰਚਣ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਨਾਂ ਦੀ ਅਗਵਾਈ ਵਿੱਚ 6 ਮੈਂਬਰੀ ਕਮੇਟੀ ਵਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪੀ ਰਿਪੋਰਟ ਅਨੁਸਾਰ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਅਨੇਕਾਂ ਮਹੱਤਵਪੂਰਨ ਸੁਝਾਅ ਦਿੱਤੇ ਗਏ ਹਨ।
ਇਨਾਂ ਵਿੱਚ ਇਜ਼ਰਾਇਲ ਆਧਾਰਿਤ ਕੰਪਨੀ ਅਤੇ ਜਲ ਸਰੋਤ ਵਿਭਾਗ ਦੇ ਮਾਹਿਰਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਬਤੌਰ ਕੈਬਿਨਟ ਮੰਤਰੀ ਉਨਾਂ ਦੀ ਪਹਿਲ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਯਤਨ ਤੇਜ਼ ਕਰਨਾ ਹੈ ਕਿਉਂ ਜੋ ਹਰ ਸਾਲ ਪਾਣੀ ਦਾ ਪੱਧਰ 70 ਸੈਂਟੀਮੀਟਰ ਤੋਂ ਵੀ ਜ਼ਿਆਦਾ ਹੇਠਾ ਜਾ ਰਿਹਾ ਹੈ। ਉਨਾਂ ਨਾਲ ਹੀ ਕਿਹਾ ਕਿ ਪੀਣ ਵਾਲੇ ਪਾਣੀ, ਖੇਤੀ ਅਤੇ ਉਦਯੋਗਾਂ ਵਾਸਤੇ ਪਾਣੀ ਦੀ ਮੰਗ ਅਤੇ ਸਪਲਾਈ ਬਾਰੇ ਆਡਿਟ ਕਰਨ ਦੀ ਤਜਵੀਜ਼ ਵੀ ਹੈ।
ਉਨਾਂ ਨਾਲ ਹੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਜਿਨਾਂ ਕੋਲ ਪਹਿਲਾਂ ਤਕਨੀਕੀ ਸਿੱਖਿਆ ਵਿਭਾਗ ਸੀ ਵਲੋਂ ਆਰੰਭੇ ਪ੍ਰਾਜੈੱਕਟਾਂ ਨੂੰ ਮੁਕੰਮਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿਸ ਵਿੱਚ ਮੁੱਖ ਤੌਰ ਤੇ ਡਾ.ਬੀ.ਆਰ ਅੰਬੇਡਕਰ ਮਿਊਜ਼ੀਅਮ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਸਹਿਯੋਗ ਨਾਲ ਮੈਂਨੇਜਮੈਂਟ ਇੰਸਟੀਚਿਊਟ ਦੀ ਸਥਾਪਨਾ ਸ਼ਾਮਿਲ ਹੈ।
ਉਨਾਂ ਇਹ ਵੀ ਕਿਹਾ ਕਿ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਅਤੇ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਲੋਂ ਤਕਨੀਕੀ ਸਿੱਖਿਆ ਦੇ ਪਸਾਰ ਵਾਸਤੇ ਹੋਰ ਸਰਗਰਮ ਅਗਵਾਈ ਤੇ ਯੋਗਦਾਨ ਲਈ ਯਤਨ ਕੀਤੇ ਜਾਣਗੇ।
ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵਲੋਂ ਉਨਾਂ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਿਲ ਕਰਕੇ ਨਾ ਸਿਰਫ ਕਪੂਰਥਲਾ ਸਗੋਂ ਪੂਰੇ ਦੁਆਬਾ ਖੇਤਰ ਦੇ ਲੋਕਾਂ ਨੂੰ ਸਨਮਾਨ ਬਖਸ਼ਿਆ ਗਿਆ ਹੈ। ਉਨਾਂ ਕਿਹਾ ਕਿ ਪਿਛਲੇ 22 ਸਾਲਾਂ ਤੋਂ ਕਪੂਰਥਲਾ ਹਲਕੇ ਦੇ ਲੋਕਾਂ ਵਲੋਂ ਜੋ ਪਿਆਰ ਅਤੇ ਸਤਿਕਾਰ ਉਨਾਂ ਨੂੰ ਦਿੱਤਾ ਗਿਆ ਹੈ ਉਹ ਉਸਦੇ ਰਿਣੀ ਰਹਿਣਗੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ,ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ, ਮੇਅਰ ਕੁਲਵੰਤ ਕੌਰ,ਵਧੀਕ ਡਿਪਟੀ ਕਮਿਸ਼ਨਰ ਐਸ.ਪੀ ਆਂਗਰਾ, ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਯਾ ਉੱਪਲ,ਕੌਸਲਰ ਨਰਿੰਦਰ ਮੰਨਸੂ,ਵਿਕਾਸ ਸ਼ਰਮਾ,ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਰਜਿੰਦਰ ਕੌੜਾ ਅਤੇ ਜ਼ਿਲ੍ਹੇ ਦੇ ਸਮੂਹ ਉੱਚ ਅਧਿਕਾਰੀਆਂ ਵਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ।
ਪੰਜਾਬ ਪੁਲਿਸ ਦੀ ਇਕ ਟਕੜੀ ਵਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਕਪੂਰਥਲਾ ਦੇ ਕੌਸਲਰ,ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਹਾਜ਼ਰ ਸਨ।