ਵਿੱਤ,ਆਬਕਾਰੀ ਤੇ ਕਰ ਮੰਤਰੀ ਹਰਪਾਲ ਚੀਮਾ ਨੇ ਬਣਾਇਆ ਰਿਕਾਰਡ
ਸਵੇਰੇ-ਸਵੇਰੇ ਸੜਕ ਤੇ ਖੜ੍ਹ ਖੁਦ ਕੀਤੀ ਟਰੱਕਾਂ ਦੀ ਚੈਕਿੰਗ, ਬਿਨਾਂ ਬਿੱਲਾਂ ਵਾਲੇ ਟਰੱਕਾਂ ਨੂੰ ਲਾਇਆ ਲੱਖਾਂ ਦਾ ਜੁਰਮਾਨਾ
ਚੰਡੀਗੜ੍ਹ 21 ਜਨਵਰੀ(ਵਿਸ਼ਵ ਵਾਰਤਾ) -ਸੂਬੇ ਵਿੱਚ ਟੈਕਸ ਚੋਰੀ ਨੂੰ ਨੱਥ ਪਾਉਣ ਲਈ ਪੰਜਾਬ ਦੇ ਵਿੱਤ,ਆਬਕਾਰੀ ਤੇ ਕਰ ਮੰਤਰੀ ਹਰਪਾਲ ਚੀਮਾ ਨੇ ਖੁਦ ਮੋਰਚਾ ਸਾਂਭ ਲਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਟੈਕਸ ਚੋਰੀ ਰੋਕਣ ਨੂੰ ਲੈ ਕੇ ਹਰ ਤਰ੍ਹਾਂ ਦੀ ਸਖਤੀ ਵਰਤ ਰਹੀ ਹੈ। ਇਸੇ ਸੰਬੰਧ ਵਿੱਚ ਹੀ ਅੱਜਈ ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਵੱਲੋਂ ਸੜਕਾਂ ਉਤੇ ਸਮਾਨ ਲੈ ਕੇ ਜਾ ਰਹੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ।ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਜੀਐਸਟੀ ਅਤੇ ਟੈਕਸ ਚੋਰੀ ਖਿਲਾਫ ਵੱਡੇ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ। ਇਹ ਚੈਕਿੰਗ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਰਾਜਪੁਰਾ ਵਿਖੇ ਕੀਤੀ ਗਈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਦਰਜਨ ਤੋਂ ਵੱਧ ਟਰੱਕ ਬਿਨਾਂ ਬਿੱਲਾਂ ਤੋਂ ਫੜ੍ਹੇ ਗਏ ਹਨ। ਬਿਨਾਂ ਬਿੱਲਾਂ ਤੋਂ ਫੜ੍ਹੇ ਗਏ ਟਰੱਕਾਂ ਨੂੰ ਕਰੀਬ 10 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ। ਪੰਜਾਬ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਵਿੱਤ ਮੰਤਰੀ ਸੜਕਾਂ ਤੇ ਆ ਕੇ ਇਸ ਤਰ੍ਹਾਂ ਚੈਕਿੰਗ ਕੀਤੀ ਗਈ ਹੈ। ਇਸ ਨਾਲ ਟੈਕਸ ਚੋਰਾਂ ਦੇ ਨਾਲ ਨਾਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਚੰਗਾ ਸੰਦੇਸ਼ ਜਾਵੇਗਾ। ਇਸ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਟੈਕਸ ਚੋਰਾਂ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ।