ਹੜ ਪੀੜਤਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ : ਸਿਹਤ ਮੰਤਰੀ ਡਾ. ਬਲਬੀਰ ਸਿੰਘ
ਦੇਸ਼-ਵਿਦੇਸ਼ ’ਚ ਬੈਠੇ ਪੰਜਾਬੀਆਂ ਤੇ ਸੰਸਥਾਵਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ ’ਚ ਭਰਵਾਂ ਯੋਗਦਾਨ ਪਾਉਣ ਦੀ ਅਪੀਲ
ਸਿਹਤ ਮੰਤਰੀ ਵਲੋਂ ਅਪਣੀ ਇਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਕੋਸ਼ ’ਚ ਦੇਣ ਦਾ ਐਲਾਨ
ਸਭਨਾਂ ਦੇ ਯਤਨਾਂ ਸਦਕਾ ਸਥਿਤੀ ਕਾਫ਼ੀ ਹੱਦ ਤਕ ਕਾਬੂ ਹੇਠ, ਮਹਾਂਮਾਰੀ ਫੈਲਣ ਦਾ ਕੋਈ ਖ਼ਦਸ਼ਾ ਨਹੀਂ
ਸਰਕਾਰੀ ਹਸਪਤਾਲਾਂ ਵਿਚ ਪੂਰੇ ਇੰਤਜ਼ਾਮ, ਹੜ ਪੀੜਤਾਂ ਦਾ ਹੋ ਰਿਹੈ ਬਿਲਕੁਲ ਮੁਫ਼ਤ ਇਲਾਜ
ਔਖੀ ਘੜੀ ’ਚ ਆਈ.ਐਮ.ਏ., ਨਿੱਜੀ ਹਸਪਤਾਲਾਂ ਤੇ ਗ਼ੈਰ-ਸਰਕਾਰੀ ਸੰਸਥਾਵਾਂ ਕੋਲੋਂ ਮੰਗਿਆ ਸਹਿਯੋਗ
ਮੋਹਾਲੀ, 14 ਜੁਲਾਈ (ਵਿਸ਼ਵ ਵਾਰਤਾ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੀਤੇ ਗਏ ਵਿਸ਼ੇਸ਼ ਇੰਤਜ਼ਾਮਾਂ ਅਤੇ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਸਥਾਨਕ ਬੀ.ਆਰ.ਅੰਬੇਦਕਰ ਮੈਡੀਕਲ ਕਾਲਜ ਵਿਖੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਡਾਕਟਰੀ ਸਹੂਲਤਾਂ ਦੇਣ ’ਚ ਹਰ ਸੰਭਵ ਯਤਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਸ ਵੇਲੇ ਪਹਿਲੀ ਤਰਜੀਹ ਹੜ੍ਹ ਪ੍ਰਭਾਵਤ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨਾ ਹੈ, ਜਿਸ ਲਈ ਮੁੱਖ ਮੰਤਰੀ ਦੇ ਨਾਲ-ਨਾਲ ਸਾਰੇ ਮੰਤਰੀ ਅਤੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਦਿਨ ਰਾਤ ਇਕ ਕਰ ਕੇ ਪ੍ਰਭਾਵਤ ਲੋਕਾਂ ਦੀ ਮਦਦ ਕਰ ਰਹੇ ਹਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.), ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ, ਗ਼ੈਰ-ਸਰਕਾਰੀ ਸੰਸਥਾਵਾਂ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਕੋਲੋਂ ਇਸ ਔਖੀ ਘੜੀ ’ਚ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਫਿਰ ਵੀ ਇਸ ਮੁਸ਼ਕਲ ਹਾਲਾਤ ਵਿਚ ਹਰ ਕਿਸੇ ਦਾ ਸਾਥ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਐਸੋਸੀਏਸ਼ਨ, ਨਿੱਜੀ ਹਸਪਤਾਲ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਮਰੀਜ਼ਾਂ ਦੀ ਜਾਂਚ, ਇਲਾਜ, ਐਂਬੂਲੈਂਸ ਸੇਵਾ, ਮੈਡੀਕਲ ਕੈਂਪ, ਦਵਾਈਆਂ ਤੇ ਰਾਸ਼ਨ ਦੀ ਵੰਡ ਆਦਿ ਜ਼ਰੀਏ ਮਦਦ ਕਰ ਕੇ ਪੀੜਤਾਂ ਦਾ ਦੁੱਖ ਸਾਂਝਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਈਂ ਆਈ.ਐਮ.ਏ., ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੇ ਪੀੜਤਾਂ ਦੀ ਕਾਫ਼ੀ ਮਦਦ ਕੀਤੀ ਹੈ ਤੇ ਉਹ ਹੋਰ ਜ਼ਿਆਦਾ ਮਦਦ ਦੀ ਆਸ ਰੱਖਦੇ ਹਨ। ਮੌਕੇ ’ਤੇ ਮੌਜੂਦ ਆਈ.ਐਮ.ਏ., ਨਿੱਜੀ ਹਸਪਤਾਲਾਂ ਤੇ ਗ਼ੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਭਰੋਸਾ ਦਿਤਾ ਕਿ ਉਹ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਲੋੜੀਂਦਾ ਸਾਥ ਤੇ ਸਹਿਯੋਗ ਦੇਣਗੇ। ਸਿਹਤ ਮੰਤਰੀ ਨੇ ਕਿਹਾ ਕਿ ਸਭਨਾਂ ਦੇ ਸਾਂਝੇ ਯਤਨਾਂ ਸਦਕਾ ਸਥਿਤੀ ’ਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਚੁੱਕਾ ਹੈ ਕਿਉਂਕਿ ਹੌਲੀ ਹੌਲੀ ਪਾਣੀ ਘਟਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਪੂਰੇ ਇੰਤਜ਼ਾਮ ਹਨ ਅਤੇ ਹੜ ਪੀੜਤਾਂ ਦਾ ਪੂਰੀ ਤਰ੍ਹਾਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਜਿਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ, ਉਥੇ ਤੁਰੰਤ ਮਦਦ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਵਾਂਗ ਮੁੱਖ ਮੰਤਰੀ ਰਾਹਤ ਕੋਸ਼ ਵਿਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਹੜ੍ਹ ਪੀੜਤਾਂ ਦੀ ਬਾਂਹ ਫੜਨ। ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਉਹ ਇਕ ਮਹੀਨੇ ਦੀ ਅਪਣੀ ਤਨਖ਼ਾਹ ਵੀ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੁੱਖ ਦੀ ਇਸ ਘੜੀ ’ਚ ਮੁੱਖ ਮੰਤਰੀ ਦੀ ਅਗਵਾਈ ਹੇਠ ਸਮੁੱਚੀ ਸਰਕਾਰ ਮੈਦਾਨ ਵਿਚ ਉਤਰ ਕੇ ਪੀੜਤਾਂ ਦੀ ਮਦਦ ਕਰ ਰਹੀ ਹੈ।
ਡਾ. ਬਲਬੀਰ ਸਿੰਘ ਨੇ ਆਖਿਆ ਕਿ ਹੜ੍ਹਾਂ ਦਾ ਪਾਣੀ ਉਤਰ ਜਾਣ ਮਗਰੋਂ ਜੋਖਮ ਭਰੇ ਇਲਾਕਿਆਂ ਵਿਚ ਬੀਮਾਰੀਆਂ ਫੈਲ ਜਾਣ ਦਾ ਖ਼ਦਸ਼ਾ ਹੁੰਦਾ ਹੈ ਜਿਸ ਕਾਰਨ ਵੱਧ ਤੋਂ ਵੱਧ ਵਾਟਰ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਅਤੇ ਡੇਂਗੂ, ਮਲੇਰੀਆ ਆਦਿ ਬੀਮਾਰੀਆਂ ਤੋਂ ਬਚਾਅ ਲਈ ਘਰਾਂ ਵਿਚ ਕੰਟੇਨਰ ਸਰਵੇ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਫੈਲਣ ਦਾ ਕੋਈ ਖ਼ਦਸ਼ਾ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਣੀ ਉਬਾਲ ਅਤੇ ਠੰਢਾ ਕਰ ਕੇ ਪੀਣ ਅਤੇ ਜੇ ਕਿਸੇ ਬੀਮਾਰੀ ਦਾ ਸ਼ੱਕ ਹੈ ਤਾਂ ਤੁਰੰਤ ਨੇੜਲੀ ਸਿਹਤ ਸੰਸਥਾ ਵਿਖੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਿਹਤ ਵਿਭਾਗ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰ. 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ’ਚ ਫ਼ਲੱਡ ਕੰਟਰੋਲ ਸੰਪਰਕ ਨੰਬਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਆਦਰਸ਼ਪਾਲ ਕੌਰ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਸਮੇਤ ਜ਼ਿਲ੍ਹੇ ਦੇ ਸੀਨੀਅਰ ਸਿਹਤ ਅਧਿਕਾਰੀ ਮੌਜੂਦ ਸਨ।