ਅੰਮ੍ਰਿਤਸਰ, 5 ਜਨਵਰੀ (ਵਿਸ਼ਵ ਵਾਰਤਾ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਹੋਰਡਿੰਗ ਬੋਰਡਾਂ ਅਤੇ ਇਸ਼ਤਿਹਾਰਾਂ ਵਿਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਬਰਾਬਰ ਵਿਅਕਤੀਗਤ ਤਸਵੀਰਾਂ ਪ੍ਰਕਾਸ਼ਿਤ ਨਾ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸੰਗਤਾਂ ਵੱਲੋਂ ਅਕਸਰ ਸ਼ਿਕਾਇਤਾਂ ਮਿਲ ਰਹੀਆਂ ਹਨ, ਇਸ ਲਈ ਅਜਿਹਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ੨੦ ਜੁਲਾਈ ੨੦੦੯ ਅਤੇ ੧੪ ਦਸੰਬਰ ੨੦੧੨ ਨੂੰ ਪੰਜ ਸਿੰਘ ਸਾਹਿਬਾਨ ਦੀਆਂ ਇਕੱਤਰਤਾਵਾਂ ਦੌਰਾਨ ਵੀ ਆਦੇਸ਼ ਕੀਤਾ ਜਾ ਚੁੱਕਾ ਹੈ। ਸ. ਬੇਦੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਹੋਰਡਿੰਗਾਂ ਬੋਰਡਾਂ ਅਤੇ ਇਸ਼ਤਿਹਾਰਾਂ ਆਦਿ ਵਿਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਵਿਅਕਤੀ ਵਿਸ਼ੇਸ਼ ਦੀਆਂ ਤਸਵੀਰਾਂ ਨਾ ਛਾਪੀਆਂ ਜਾਣ।