ਹੁਣ ਪੰਜਾਬ ‘ਚ ਆਨਲਾਈਨ ਮਿਲੇਗੀ ਰੇਤ
ਮੁੱਖ ਮੰਤਰੀ ਮਾਨ ਨੇ 16 ਜਨਤਕ ਖੱਡਾਂ ਕੀਤੀਆਂ ਲੋਕਾਂ ਨੂੰ ਸਮਰਪਿਤ
ਚੰਡੀਗੜ੍ਹ, 5ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਵਿੱਚ ਹੁਣ ਰੇਤ ਆਨਲਾਈਨ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸੀਆ ਕਾਦਰਬਖਸ਼ ਵਿਖੇ ਰੇਤ ਦੀ ਖੱਡ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਰੇਤ ਦੀਆਂ 16 ਖੱਡਾਂ ਲੋਕਾਂ ਲਈ ਖੋਲ੍ਹੀਆਂ ਗਈਆਂ ਹਨ। ਅਗਲੇ ਮਹੀਨੇ ਤੱਕ ਇਨ੍ਹਾਂ ਆਨਲਾਈਨ ਖੱਡਿਆਂ ਦੀ ਗਿਣਤੀ ਵਧਾ ਕੇ 50 ਕਰ ਦਿੱਤੀ ਜਾਵੇਗੀ।
ਇਸ ਮੌਕੇ ਤੇ ਮੁੱਖ ਮੰਤਰੀ ਮਾਨ ਦੇ ਨਾਲ ਮਾਈਨਿੰਗ ਮੰਤਰੀ ਗੁਰਮੀਤ ਮੀਤ ਹੇਅਰ ਵੀ ਮੌਜੂਦ ਸਨ। ਰੇਤ ਦੀ ਜਗ੍ਹਾ ‘ਤੇ ਜੋ ਰੇਟ 9.50 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤਾ ਗਿਆ ਸੀ, ਉਸ ਦਾ ਰੇਟ 5.50 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਇਹ ਗਾਰੰਟੀ ਦਿੱਤੀ ਸੀ ਕਿ ਉਹ ਰੇਤ ਮਾਫੀਆ ਨੂੰ ਖਤਮ ਕਰਨਗੇ। ਹੁਣ ਲੋਕਾਂ ਨੂੰ ਆਨਲਾਈਨ ਰੇਤ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੋਈ ਵਾਅਦਾ ਨਹੀਂ ਗਾਰੰਟੀਆਂ ਦਿੱਤੀਆਂ ਸਨ, ਜਿਹਨਾਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਿਜਲੀ ਦੀ ਗਾਰੰਟੀ ਪੂਰੀ ਕੀਤੀ ਗਈ ਹੈ।