ਹੁਣ ਪਠਾਨਕੋਟ ਦਾ ਮਾਈਨਿੰਗ ਅਧਿਕਾਰੀ ਕੀਤਾ ਗਿਆ ਸਸਪੈਂਡ
ਚੰਡੀਗੜ੍ਹ , 28ਅਪ੍ਰੈਲ(ਵਿਸ਼ਵ ਵਾਰਤਾ)-: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਈਨਿੰਗ ਮਾਫੀਆ ਦੇ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਪਠਾਨਕੋਟ ਦਾ ਇਕ ਮਾਈਨਿੰਗ ਅਧਿਕਾਰੀ ਸਸਪੈਂਡ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੋਪੜ, ਮੁਹਾਲੀ ਦੇ ਮਾਈਨਿੰਗ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਅੱਜ ਜਲ ਸਰੋਤ, ਮਾਈਨਿੰਗ ਤੇ ਜਿਓਲੋਜੀ ਵਿਭਾਗ ਵਿੱਚ ਤਾਇਨਾਤ ਜਿਓਲੌਜਿਸਟ ਗਗਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਮਾਈਨਿੰਗ ਅਫਸਰ ਨੂੰ ਹੈੱਡਕੁਆਰਟਰ ਨਿਗਰਾਨ ਇੰਜੀਨੀਅਰ ਆਈ.ਬੀ. ਹਲਕਾ ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ। ਮਾਈਨਿੰਗ ਅਫਸਰ ਗਗਨ ਨੂੰ ਸਸਪੈਂਡ ਕਰਨ ਦੇ ਹੁਕਮ ਆਈ.ਏ.ਐੱਸ. ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਰੇਤ ਮਾਫੀਆ ਨੂੰ ਖਤਮ ਕਰਨ ਲਈ ‘ਆਪ’ ਸਰਕਾਰ ਨੇ ਆਈਏਐੱਸ ਕ੍ਰਿਸ਼ਨ ਕੁਮਾਰ ਨੂੰ ਕਮਾਨ ਸੌਂਪੀ ਗਈ ਹੈ। ਉੁਨ੍ਹਾਂ ਨੂੰ ਹੁਣੇ ਜਿਹੇ ਸਿੱਖਿਆ ਤੋਂ ਹਟਾ ਕੇ ਮਾਈਨਿੰਗ ਵਿਭਾਗ ਦਾ ਪ੍ਰਿੰਸੀਪਲ ਸੈਕ੍ਰੇਟਰੀ ਬਣਾਇਆ ਗਿਆ ਹੈ।