ਹੁਣ ਨਿੱਜੀ ਹਸਪਤਾਲਾਂ ਵਿੱਚ ਵੀ ਕੋਵਿਡ-19 ਦੇ ਮਰੀਜਾਂ ਦਾ ਇਲਾਜ ਆਯੂਸ਼ਮਾਨ ਭਾਰਤ- ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੋਣਾ ਪੱਕਾ
ਆਯੂਸ਼ਮਾਨ ਭਾਰਤ- ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਵਿੱਚ ਕੀਤਾ ਜਾਵੇਗਾ ਇਲਾਜ
ਸਿਹਤ ਮੰਤਰੀ ਬਲਬੀਰ ਸਿੰਘ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ, 25ਮਈ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਅੱਜ ਕੋਵਿਡ ਮਹਾਂਮਾਰੀ ਦਾ ਇਲਾਜ ਆਯੂਸ਼ਮਾਨ ਭਾਰਤ- ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਵਿੱਚ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦਾ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਹੋਵੇਗਾ ।ਇਸ ਨਾਲ 39.57 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਇਸ ਯੋਜਨਾ ਤਹਿਤ ਰਾਜ ਸਰਕਾਰ ਨੇ ਏਬੀ-ਐਸਐਸਬੀਵਾਈ ਲਾਭਪਾਤਰੀਆਂ ਲਈ ਕੋਵਿਡ ਦਾ ਇਲਾਜ ਪ੍ਰਦਾਨ ਕਰਨ ਦੇ ਸਮਰੱਥ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਹੈ, ਜਿਸ ਲਈ 8,000 ਰੁਪਏ ਤੋਂ 18,000 ਰੁਪਏ ਪ੍ਰਤੀ ਦਿਨ ਇਲਾਜ ਦਰਾਂ ਤੈਅ ਕੀਤੀਆਂ ਗਈਆਂ ਹਨ ਅਤੇ ਇਹੀ ਦਰਾਂ ਆਮ ਜਨਤਾ ਲਈ ਇਲਾਜ ਵਾਸਤੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਲਈ ਤੈਅ ਕੀਤੀਆਂ ਗਈਆਂ ਹਨ, ਰਾਜ ਸਰਕਾਰ ਤੈਅ ਦਰਾਂ ਵਿੱਚੋਂ ਬੀਮਾ ਕੰਪਨੀ ਦੁਆਰਾ ਅਦਾਇਗੀਯੋਗ ਖਰਚੇ ਨੂੰ ਘਟਾਉਣ ਤੋਂ ਬਾਅਦ ਬਚੇ ਸਾਰੇ ਇਲਾਜ ਖ਼ਰਚ ਨੂੰ ਸਹਿਣ ਕਰੇਗੀ।
ਆਯੂਸ਼ਮਾਨ ਭਾਰਤ- ਸਰਬੱਤ ਸਿਹਤ ਬੀਮਾ ਯੋਜਨਾ (ਏਬੀ-ਐਸਐਸਬੀਵਾਈ) ਰਾਜ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ ਜਿਸਦੀ ਸ਼ੁਰੂਆਤ 20 ਅਗਸਤ 2019 ਨੂੰ ਸੂਬੇ ਦੇ ਕਮਜ਼ੋਰ ਅਤੇ ਦੱਬੇ ਕੁਚਲੇ ਵਰਗਾਂ ਲਈ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਹ ਰਾਜ ਸਰਕਾਰ ਦੁਆਰਾ ਫੰਡ ਪ੍ਰਾਪਤ ਯੋਜਨਾਵਾਂ ਵਿੱਚੋਂ ਸਭ ਤੋਂ ਵੱਡੀ ਸਕੀਮ ਹੈ ਜੋ ਦੂਜੇ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਲਈ ਤਕਰੀਬਨ 39.57 ਲੱਖ ਗਰੀਬ ਪਰਿਵਾਰਾਂ ਨੂੰ ਕਵਰ ਕਰਦੀ ਹੈ।