ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਿਆ ਵੱਡਾ ਫੈਸਲਾ
ਹੁਣ ਇਹਨਾਂ 4 ਜ਼ਿਲ੍ਹਿਆਂ ਵਿੱਚ ਲੱਗੇਗਾ ਕਰਫਿਊ
27ਅਪ੍ਰੈਲ ਤੋਂ 10 ਮਈ ਤੱਕ ਜਾਰੀ ਰਹੇਗਾ ਕਰਫਿਊ
ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿਚ ਕੋਰੋਨਾ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਵਿੱਚ ਪੂਰਾ ਹਾਹਾਕਾਰ ਮਚਾਇਆ ਹੋਇਆ ਹੈ। ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਦੇ 4 ਜ਼ਿਲਿਆਂ ਵਿੱਚ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਕਾਂਗੜਾ, ਊਨਾ, ਸੋਲਨ ਅਤੇ ਸਿਰਮੌਰ ਵਿੱਚ 27 ਅਪ੍ਰੈਲ ਅੱਧੀ ਰਾਤ ਤੋ 10 ਮਈ ਤੱਕ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ। ਇਹ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਹ ਅਹਿਮ ਫੈਸਲਾ ਅੱਜ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਅਗਵਾਈ ਵਿੱਚ ਹੋਈ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਥਾਨਕ ਨਗਰ ਆਪਣੇ-ਆਪਣੇ ਖੇਤਰ ਵਿੱਚ ਮਾਨਕ ਸੰਚਾਲਨ ਪ੍ਰੀਕ੍ਰਿਆ ਅਤੇ ਦਿਸ਼ਾ-ਨਿਰਦੇਸ਼ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਵਿੱਚ ਸ਼ਾਮਲ ਹੋਣਗੇ ਅਤੇ ਉਹਨਾਂ ਦੇ ਕੋਲ ਉਲੰਘਣ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ ਤਾਂ ਕਿ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਲੰਘਣ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।