ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸ ਵਿੱਚ ਰੇੜ੍ਹਕਾ ਬਰਕਰਾਰ, ਆਬਜ਼ਰਵਰ ਅੱਜ ਸੌਂਪਣਗੇ ਹਾਈਕਮਾਂਡ ਨੂੰ ਰਿਪੋਰਟ; ਅੰਤਿਮ ਫੈਸਲਾ ਪ੍ਰਿਅੰਕਾ ਗਾਂਧੀ ਦੇ ਹੱਥ ਵਿੱਚ
ਚੰਡੀਗੜ੍ਹ 10 ਦਸੰਬਰ(ਵਿਸ਼ਵ ਵਾਰਤਾ)- ਵਿਧਾਨ ਸਭਾ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਲਈ ਹੁਣ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਨਵਾਂ ਰੇੜ੍ਹਕਾ ਬਣ ਗਿਆ ਹੈ। ਸ਼ਿਮਲਾ ਵਿੱਚ ਦੇਰ ਰਾਤ ਹੋਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਸ ਵਿੱਚ ਪ੍ਰਤਿਭਾ ਸਿੰਘ, ਮੁਕੇਸ਼ ਅਗਨੀਹੋਤਰੀ ਅਤੇ ਸੁਖਵਿੰਦਰ ਸਿੰਘ ਸੁੱਖੂ ਦੇ ਨਾਂ ਤਜਵੀਜ਼ ਕੀਤੇ ਗਏ ਸਨ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਤੋਂ ਬਾਅਦ ਸਾਰੇ ਵਿਧਾਇਕਾਂ ਨੇ ਸਿੰਗਲ ਲਾਈਨ ਮਤਾ ਪਾਸ ਕੀਤਾ। ਇਸ ਵਿੱਚ ਪਾਰਟੀ ਹਾਈਕਮਾਂਡ ਨੂੰ ਮੁੱਖ ਮੰਤਰੀ ਦੀ ਚੋਣ ਕਰਨ ਅਤੇ ਸਾਰੇ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਿਮਾਚਲ ਨੂੰ ਅਗਲੇ 2 ਦਿਨਾਂ ਵਿੱਚ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ। ਭਾਵੇਂ ਮੁੱਖ ਮੰਤਰੀ ਦਾ ਚਿਹਰਾ ਤੈਅ ਕਰਨ ਲਈ ਅਬਜ਼ਰਵਰਾਂ ਤੋਂ ਰਿਪੋਰਟ ਮੰਗੀ ਗਈ ਹੈ ਪਰ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਫੈਸਲਾ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਹੀ ਕਰਨਗੇ, ਜਿਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨੂੰ ਨੇੜਿਓਂ ਦੇਖਿਆ ਹੈ। ਉਨ੍ਹਾਂ ਨੇ ਪਹਿਲਾਂ ਹੀ ਸਾਰੇ ਦਾਅਵੇਦਾਰਾਂ ਦੇ ਬਾਇਓ-ਡਾਟੇ ਦੀ ਮੰਗ ਕੀਤੀ ਸੀ। ਹੁਣ ਸਿਰਫ਼ ਫੈਸਲੇ ਦਾ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਚੋਣ ਆਬਜ਼ਰਵਰ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅੱਜ ਹਾਈਕਮਾਂਡ ਨੂੰ ਆਪਣੀ ਰਿਪੋਰਟ ਸੌਂਪਣਗੇ। ਇਸ ਤੋਂ ਬਾਅਦ ਪਾਰਟੀ ਦਿੱਲੀ ਤੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰਦੇ ਸਮੇਂ ਖੇਤਰੀ ਅਤੇ ਜਾਤੀ ਸੰਤੁਲਨ ਦਾ ਧਿਆਨ ਰੱਖਿਆ ਜਾਵੇਗਾ।
ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰਤਿਭਾ ਸਿੰਘ, ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ, ਵਿਧਾਨ ਸਭਾ ਚੋਣ ਨਾ ਲੜਨ ਵਾਲੇ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਨੂੰ ਸੀਐਮ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਦੇ ਨਾਵਾਂ ‘ਤੇ ਸਹਿਮਤੀ ਬਣਨ ਦੀ ਸ਼ੁਰੂਆਤ ਤੋਂ ਹੀ ਉਮੀਦ ਨਹੀਂ ਸੀ।