ਪਛਾੜ/ਲਾਲੜੀ, 7 ਨਵੰਬਰ (ਵਿਸ਼ਵ ਵਾਰਤਾ) : ਨੋਟਬੰਦੀ ਅਤੇ ਜੀ.ਐਸ.ਟੀ. ਦੇ ਮਾਰੂ ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੇ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁਕੰਮਲ ਸਫਾਏ ਦਾ ਰਾਹ ਪੱਧਰਾ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਹੂੰਝਾ ਫੇਰ ਜਿੱਤ ਦਿਵਾਉਣ ਦਾ ਸੱਦਾ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਨਾਲ ਭਾਜਪਾ ਦੇ 2019 ਵਿੱਚ ਮੁਕੰਮਲ ਸਫਾਏ ਦਾ ਰਾਹ ਤਿਆਰ ਹੋ ਜਾਵੇਗਾ। ਉਨਾਂ ਨੇ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਮਾਰੂ ਫੈਸਲਿਆਂ ਦੇ ਨਾਲ ਲੋਕਾਂ ਦੇ ਜੀਵਨ ਨੂੰ ਢਾਹ ਲਾਉਣ ਲਈ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ।
ਕਾਂਗਰਸ ਦੇ ਹੱਕ ਵਿੱਚ ਹਿਮਾਚਲ ਪ੍ਰਦੇਸ਼ ’ਚ ਅੱਜ ਆਪਣੀਆਂ ਆਖਰੀ ਰੈਲੀਆਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੋਟਬੰਦੀ ਦੀ ਇਸ ਸਾਲਗਿਰਾ ਮੌਕੇ ਦੇਸ਼ ਅਤੇ ਇੱਥੋਂ ਦੇ ਲੋਕਾਂ ਦੇ ਭਵਿੱਖ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਬਚਾਉਣ ਜਾਣ ਦੀ ਵੱਡੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਨੋਟਬੰਦੀ ਤੋਂ ਲੈ ਕੇ ਜੀ.ਐਸ.ਟੀ. ਤੱਕ ਅਤੇ ਬੇਰੋਜ਼ਗਾਰੀ ਤੋਂ ਭਿ੍ਰਸ਼ਟਾਚਾਰ ਤੱਕ ਨਰਿੰਦਰ ਮੋਦੀ ਸਰਕਾਰ ਦਾ ਦੇਸ਼ ’ਤੇ ਪ੍ਰਭਾਵ ਵਿਨਾਸ਼ਕਾਰੀ ਹੈ। ਉਨਾਂ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੂਬੇ ਦੇ ਵਿਕਾਸ ਦੇ ਹਿੱਤਾਂ ਦੇ ਮੱਦੇਨਜ਼ਰ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਤਿੰਨ ਦਿਨਾਂ ਤੋਂ ਕਾਂਗਰਸ ਦੀਆਂ ਰੈਲੀਆਂ ਨੂੰ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਸੰਬੋਧਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀਆਂ ਸਫਾਂ ਵਿਚ ਪੂਰੀ ਤਰਾਂ ਬੇਚੈਨੀ ਪੈਦਾ ਹੋ ਚੁੱਕੀ ਹੈ। ਇਸ ਹੜਬੜਾਹਟ ਦੇ ਕਾਰਨ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਧੜਾ-ਧੜ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਨਾਂ ਨੇ ਪੂਰੇ ਵਿਸ਼ਵਾਸ ਨਾਲ ਆਖਿਆ ਕਿ ਇਨਾਂ ਦੋਵਾਂ ਸੂਬਿਆਂ ਵਿਚ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਲਹਿਰ ਸਿਖਰਾਂ ’ਤੇ ਹੈ ਅਤੇ ਇੱਥੇ ਭਾਜਪਾ ਦੀ ਕੋਈ ਹੋਂਦ ਨਹੀਂ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਉਨਾਂ ਦੇ ਸੂਬੇ ਨੂੰ ਤਬਾਹ ਕਰਨ ਲਈ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝ-ਭਿਆਲੀ ਦੀ ਵੀ ਤਿੱਖੀ ਆਲੋਚਨਾ ਕੀਤੀ ਅਤੇ ਉਨਾਂ ਨੇ ‘ਚਿੱਟੇ’ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਵਾਲੇ ਦੋਸ਼ੀਆਂ ਨੂੰ ਮੁਆਫ ਨਾ ਕਰਨ ਦਾ ਵਾਅਦਾ ਕੀਤਾ। ਉਨਾਂ ਕਿਹਾ ਕਿ ਉਹੀਓ ਚਿੱਟਾ ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ ਸ਼ੁਰੂ ਹੋ ਗਿਆ ਹੈ ਅਤੇ ਉਨਾਂ ਦੀ ਸਰਕਾਰ ਵੱਲੋਂ ਪੰਜਾਬ ਵਿਚ ਸੱਤਾ ਸੰਭਾਲਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੂੰ ਵੀ ਚਿੱਟੇ ਦੀ ਸਪਲਾਈ ਉੱਤੇ ਰੋਕ ਲੱਗੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪਛਾੜ (ਜ਼ਿਲਾ ਸਿਰਮੌਰ) ਤੋਂ ਕਾਂਗਰਸ ਦੇ ਉਮੀਦਵਾਰ ਗੰਗੂ ਰਾਮ ਮੁਸਾਫਰ ਅਤੇ ਲਾਲੜੀ ਤੋਂ ਮੁਕੇਸ਼ ਅਗਨੀਹੋਤਰੀ ਨੂੰ ਸੂਬੇ ਦੇ ਵਿਕਾਸ ਦੇ ਹਿੱਤ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨਾਂ ਨੇ ਪਿਛਲੀਆਂ ਕਾਂਗਰਸੀ ਸਰਕਾਰਾਂ ਅਤੇ ਵੀਰਭੱਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਜਿਨਾਂ ਨੇ ਸੂਬੇ ਦੇ ਵਿਆਪਕ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੜਕਾਂ ਤੋਂ ਸਨਅਤ ਤੱਕ, ਸਿੱਖਿਆ ਤੋਂ ਸਿਹਤ ਤੱਕ ਹਿਮਾਚਲ ਪ੍ਰਦੇਸ਼ ਪੂਰੇ ਮੁਲਕ ਲਈ ਮਿਸਾਲ ਬਣ ਕੇ ਉਭਰਿਆ ਹੈ ਜਿਸ ਦਾ ਸਿਹਰਾ ਸਿੱਧੇ ਤੌਰ ’ਤੇ ਵੀਰਭੱਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਜਾਂਦਾ ਹੈ ਜਿਨਾਂ ਨੇ ਅਪਣੀ ਸਮੁੱਚੀ ਜ਼ਿੰਦਗੀ ਲੋਕਾਂ ਦੀ ਭਲਾਈ ਲਈ ਸਮਰਪਿਤ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸੂਬੇ ਦੇ ਹੋਏ ਲਾਮਿਸਾਲ ਵਿਕਾਸ ਦੇ ਉਹ ਖੁਦ ਗਵਾਹ ਹਨ ਅਤੇ ਸਿੱਖਿਆ ਵਿੱਚ ਹਿਮਾਚਲ ਪ੍ਰਦੇਸ਼ ਹੁਣ ਕੇਰਲਾ ਨਾਲ ਪਹਿਲੀ ਕਤਾਰ ਵਿਚ ਖੜਾ ਹੋ ਗਿਆ ਹੈ। ਉਨਾਂ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਕਿਹਾ ਕਿ ਉਹ ਆਪਣੇ ਤੌਰ ’ਤੇ ਵੀ ਵੱਧ ਤੋਂ ਵੱਧ ਯਤਨ ਕਰਨ ਤਾਂ ਵੀ ਪੰਜਾਬ ਇਸ ਮੁਹਾਜ਼ ’ਤੇ ਹਿਮਾਚਲ ਪ੍ਰਦੇਸ਼ ਤੋਂ ਅੱਗੇ ਨਹੀਂ ਨਿਕਲ ਸਕਦਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬਿਹਤਰੀਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਨਾਲ ਵੀਰਭੱਦਰ ਸਿੰਘ ਦੀ ਸਰਕਾਰ ਨੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾਇਆ ਅਤੇ ਕਾਂਗਰਸ ਦੇ ਹੱਕ ਵਿੱਚ ਵੋਟ ਪਾ ਕੇ ਇਸ ਏਜੰਡੇ ਨੂੰ ਮੁਕੰਮਲਤਾ ਤੱਕ ਲਿਜਾਣ ਅਤੇ ਸੂਬੇ ਦੇ ਵਿਕਾਸ ਨੂੰ ਗਤੀ ਹੋਰ ਤੇਜ਼ ਕੀਤੀ ਜਾ ਸਕੇ।
ਰੈਲੀਆਂ ਵਿੱਚ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਕੀਤੇ ਸੁਆਗਤ ਨੂੰ ਕਬੂਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਆਖਿਆ ਕਿ ਅਗਲੇ ਪੰਜ ਸਾਲ ਦੇ ਵਿਕਾਸ ਪ੍ਰੋਗਰਾਮਾਂ ਨੂੰ ਅੱਗੇ ਲਿਜਾਣ ਲਈ ਸੂਬੇ ਵਿੱਚ ਵੀਰਭੱਦਰ ਸਿੰਘ ਵਰਗਾ ਹੋਰ ਕੋਈ ਲੀਡਰ ਨਹੀਂ ਹੋ ਸਕਦਾ।