ਹਿਮਾਚਲ ਸਰਕਾਰ ਇਕ ਮਹੀਨੇ ਵਿਚ ਜਾਰੀ ਕਰੇਗੀ ਈ. ਵੀ. ਪਾਲਿਸੀ: ਮੁਕੇਸ਼ ਅਗਨੀਹੋਤਰੀ
ਚੰਡੀਗੜ੍ਹ, 6ਫਰਵਰੀ(ਵਿਸ਼ਵ ਵਾਰਤਾ)- ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਹਿਮਾਚਲ ਸਰਕਾਰ ਇੱਕ ਮਹੀਨੇ ਦੇ ਅੰਦਰ ਆਪਣੀ ਇਲੈਕਟ੍ਰਿਕ ਵਾਹਨ ਨੀਤੀ ਲੈ ਕੇ ਆ ਰਹੀ ਹੈ।
ਇਸ ‘ਤੇ ਕੰਮ ਚੱਲ ਰਿਹਾ ਹੈ। ਅਗਨੀਹੋਤਰੀ ਐਤਵਾਰ ਨੂੰ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ ਈਵੀ ਐਕਸਪੋ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਕੋਲ 3500 ਬੱਸਾਂ ਦਾ ਫਲੀਟ ਹੈ। ਇਸ ਵਿੱਚੋਂ ਇੱਕ ਹਜ਼ਾਰ ਬੱਸਾਂ ਨੂੰ ਬਦਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 700 ਬੱਸਾਂ ਦੇ ਰੂਟ ਪੂਰੀ ਤਰ੍ਹਾਂ ਘਾਟੇ ਵਿੱਚ ਹਨ। ਜਿਸ ‘ਤੇ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਪਹਿਲੇ ਗੇੜ ਵਿੱਚ 300 ਇਲੈਕਟ੍ਰਿਕ ਬੱਸਾਂ ਦੀ ਖਰੀਦ ਕੀਤੀ ਜਾ ਰਹੀ ਹੈ। ਅਗਨੀਹੋਤਰੀ ਨੇ ਦੱਸਿਆ ਕਿ ਵਾਹਨਾਂ ਨੂੰ ਬਦਲਣ ਦਾ ਕੰਮ ਸਰਕਾਰੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਫਲੀਟ ਵਿੱਚ 19 ਇਲੈਕਟ੍ਰਿਕ ਵਾਹਨ ਸ਼ਾਮਲ ਕੀਤੇ ਗਏ ਹਨ।
ਅਗਨੀਹੋਤਰੀ ਨੇ ਕਿਹਾ ਕਿ ਜਲਦੀ ਹੀ ਸ਼ਿਮਲਾ ਵਿੱਚ 20 ਅਤੇ ਧਰਮਸ਼ਾਲਾ ਵਿੱਚ 15 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ।
ਇਸ ਤੋਂ ਪਹਿਲਾਂ ਮੁਕੇਸ਼ ਅਗਨੀਹੋਤਰੀ ਦਾ ਇੱਥੇ ਪੁੱਜਣ ‘ਤੇ ਸਵਾਗਤ ਕਰਦੇ ਹੋਏ ਪੀ.ਐੱਚ.ਡੀ.ਸੀ.ਸੀ.ਆਈ. ਹਰਿਆਣਾ ਚੈਪਟਰ ਦੇ ਚੇਅਰ ਪ੍ਰਣਵ ਗੁਪਤਾ ਨੇ ਕਿਹਾ ਕਿ ਹਿਮਾਚਲ ਸਰਕਾਰ ਦੇ ਸਹਿਯੋਗ ਨਾਲ ਅਜਿਹੇ ਈ. ਵੀ. ਐਕਸਪੋ ਹਿਮਾਚਲ ’ਚ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਐਮ.ਡੀ. ਸੰਦੀਪ ਕੁਮਾਰ ਨੇ ਕਿਹਾ ਕਿ ਹਿਮਾਚਲ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਈਵੀ ਚਾਰਜਿੰਗ ਸਟੇਸ਼ਨ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਪੀਐਚਡੀ ਚੈਂਬਰ ਆਫ਼ ਕਾਮਰਸ ਪੰਜਾਬ ਚੈਪਟਰ ਦੇ ਚੇਅਰ ਆਰ.ਐਸ. ਸਚਦੇਵਾ, ਕੋ-ਚੇਅਰ ਕਰਨ ਗਿਲਹੋਤਰਾ, ਰਾਜੀਵ ਅਗਰਵਾਲ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਹਿਮ ਟੈਕਨੋਫੋਰਜ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।