-ਬੱਚੇ ਦੇ ਮਾਪਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ
-ਮੈਡੀਕਲ ਸਕਰੀਨਿੰਗ ਕਰਵਾ ਕੇ ਆਈ ਬੱਚੀ ਪਰਿਵਾਰ ਸਮੇਤ ਅਗਲੇ ਤਿੰਨ ਹਫ਼ਤੇ ਘਰ ‘ਚ ਹੀ ਰਹੇਗੀ ਇਕਾਂਤਵਾਸ
ਪਟਿਆਲਾ, 2 ਮਈ (ਵਿਸ਼ਵ ਵਾਰਤਾ )- ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕ ਡਾਊਨ ਅਤੇ ਪੰਜਾਬ ‘ਚ ਲਗਾਏ ਕਰਫਿਊ ਕਰਕੇ ਪਟਿਆਲਾ ਦੀ ਇੱਕ ਚਾਰ ਸਾਲਾ ਬੱਚੀ ਆਪਣੇ ਨਾਨਕੇ ਘਰ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਵਿਖੇ ਹੀ ਅਟਕ ਕੇ ਰਹਿ ਗਈ ਸੀ। ਛੋਟੀ ਬੱਚੀ ਹੋਣ ਕਰਕੇ ਆਪਣੇ ਮਾਪਿਆਂ ਤੋਂ ਬਿਨ੍ਹਾਂ ਓਦਰਨ ਕਰਕੇ ਬੱਚੀ ਦੇ ਨਾਨਕੇ ਅਤੇ ਦਾਦਕੇ, ਦੋਵੇਂ ਘਰ ਪ੍ਰੇਸ਼ਾਨ ਹੋ ਰਹੇ ਸਨ ਪਰੰਤੂ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਪ੍ਰੇਸ਼ਾਨੀ ਦਾ ਹੱਲ ਕੱਢਕੇ ਬੱਚੀ ਨੂੰ ਉਸਦੇ ਮਾਪਿਆਂ ਦੇ ਕੋਲ ਪੁੱਜਦਾ ਕਰ ਦਿੱਤਾ ਹੈ। ਜਿਸ ਲਈ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਦੇ ਅਜੀਤ ਨਗਰ ਦੇ ਵਸਨੀਕ ਸ੍ਰੀ ਸੁਖਵਿੰਦਰ ਸਿੰਘ ਦੀ 4 ਸਾਲਾ ਬੱਚੀ ਹਮਰੀਤ ਆਪਦੇ ਨਾਨਕੇ ਘਰ ਕਾਂਗੜੇ ਗਈ ਹੋਈ ਸੀ ਪਰੰਤੂ ਇਸੇ ਦੌਰਾਨ ਕਰਫਿਊ ਲੱਗ ਗਿਆ ਅਤੇ ਮਗਰੋਂ ਲਾਕਡਾਊਨ ਲਾਗੂ ਹੋ ਗਿਆ। ਬੱਚੀ ਦੋ ਮਹੀਨਿਆਂ ਤੋਂ ਆਪਣੇ ਮਾਪਿਆਂ ਤੋਂ ਦੂਰ ਹੋਣ ਕਰਕੇ ਨਾਨਕੇ ਘਰ ਜੀ ਨਹੀਂ ਸੀ ਲਗਾ ਰਹੀ, ਜਿਸ ਕਰਕੇ ਉਸਨੂੰ ਵਾਪਸ ਲਿਆਉਣਾ ਬੱਚੀ ਦੇ ਮਾਪਿਆਂ ਲਈ ਜਰੂਰੀ ਹੋ ਗਿਆ ਸੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਤਾਂ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਨੇ ਜ਼ਿਲ੍ਹ ਬਾਲ ਸੁਰੱਖਿਆ ਦਫ਼ਤਰ ਦੇ ਡੀ.ਸੀ.ਪੀ.ਓ ਰੂਪਵੰਤ ਕੌਰ ਰਾਹੀਂ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਨਾਲ ਸੰਪਰਕ ਕਰਕੇ ਬੱਚੀ ਦੇ ਨਾਨਕਿਆਂ ਨੂੰ ਪਾਸ ਮੁਹੱਈਆ ਕਰਵਾਏ ਗਏ। ਇਸ ਬਾਅਦ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਬੱਚੀ ਦੇ ਮਾਪਿਆਂ ਦੇ ਪਾਸ ਜਾਰੀ ਕਰਕੇ ਉਨ੍ਹਾਂ ਨਾਲ ਪਟਿਆਲਾ ਪੁਲਿਸ ਦੇ ਏ.ਐਸ.ਆਈ. ਗੁਰਚਰਨ ਸਿੰਘ ਦੀ ਡਿਊਟੀ ਲਗਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਨੂੰ ਪਠਾਨਕੋਟ ਦੇ ਕੰਡਵਾਲ ਬਾਰਡਰ ‘ਤੇ ਲੈਣ ਲਈ ਗਈ ਟੀਮ ਨੇ ਬੱਚੀ ਹਮਰੀਤ ਦੀ ਕੋਵਿਡ-19 ਸਬੰਧੀਂ ਸਕਰੀਨਿੰਗ ਕਰਵਾਈ ਅਤੇ ਪਟਿਆਲਾ ਪੁੱਜ ਕੇ ਉਸਦੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਮੈਡੀਕਲ ਜਾਂਚ ਵੀ ਕਰਵਾਈ ਗਈ। ਇਸ ਤੋ ਬਾਅਦ ਬੱਚੀ ਸਮੇਤ ਉਸਦੇ ਮਾਪਿਆਂ ਤੇ ਪੂਰੇ ਪਰਿਵਾਰ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਇਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਗਏ। ਬੱਚੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਸਮੇਤ ਜ਼ਿਲ੍ਹਾ ਪ੍ਰਸ਼ਾਸਨ, ਏ.ਸੀ. (ਜ) ਡਾ. ਇਸਮਤ ਵਿਜੇ ਸਿੰਘ ਤੇ ਡੀ.ਸੀ.ਪੀ.ਓ. ਰੂਪਵੰਤ ਕੌਰ ਦਾ ਧੰਨਵਾਦ ਕੀਤਾ ਹੈ।
**********
ਫੋਟੋ ਕੈਪਸ਼ਨ-ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਰਾਹੀਂ 4 ਸਾਲਾ ਬੱਚੀ ਹਮਰੀਤ ਨੂੰ ਉਸਦੇ ਮਾਪਿਆਂ ਕੋਲ ਪੁੱਜਦਾ ਕੀਤੇ ਜਾਣ ਮੌਕੇ।