ਹਾਈ ਕੋਰਟ ਦੇ ਜੱਜ ਜਸਟਿਸ ਰਿਤੂ ਬਾਹਰੀ ਵੱਲੋਂ ਜ਼ਿਲ੍ਹਾ ਅਦਾਲਤਾਂ ਦਾ ਸਾਲਾਨਾ ਨਿਰੀਖਣ
ਜਸਟਿਸ ਬਾਹਰੀ ਵੱਲੋਂ ਕੇਂਦਰੀ ਜੇਲ੍ਹ ਦਾ ਵੀ ਦੌਰਾ, ਬੰਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਜੇਲ੍ਹ ਅਧਿਕਾਰੀਆਂ ਨੂੰ ਦਿੱਤੇ ਲੋੜੀਂਦੇ ਨਿਰਦੇਸ਼
ਪਟਿਆਲਾ, 24ਮਾਰਚ (ਵਿਸ਼ਵ ਵਾਰਤਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪਟਿਆਲਾ ਸੈਸ਼ਨਜ਼ ਡਵੀਜ਼ਨ ਦੇ ਪ੍ਰਬੰਧਕੀ ਅਤੇ ਨਿਰੀਖਕ ਜੱਜ, ਜਸਟਿਸ ਸ੍ਰੀਮਤੀ ਰਿਤੂ ਬਾਹਰੀ ਨੇ ਬੀਤੇ ਦਿਨੀਂ ਜ਼ਿਲ੍ਹਾ ਅਦਾਲਤਾਂ ਪਟਿਆਲਾ ਦਾ ਸਾਲਾਨਾ ਨਿਰੀਖਣ ਕੀਤਾ।ਇਸ ਦੌਰਾਨ ਜਸਟਿਸ ਰਿਤੂ ਬਾਹਰੀ ਨੇ ਕੇਂਦਰੀ ਜੇਲ੍ਹ, ਪਟਿਆਲਾ ਦਾ ਵੀ ਦੌਰਾ ਕੀਤਾ ਅਤੇ ਜੇਲ੍ਹ ਦੇ ਬੰਦੀਆਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਦੇ ਨਿਪਟਾਰੇ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਤੋਂ ਪਹਿਲਾਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਜਸਟਿਸ ਬਾਹਰੀ ਦਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਐਸ.ਐਸ.ਪੀ. ਡਾ. ਸੰਦੀਪ ਗਰਗ, ਏ.ਸੀ.ਜੇ.ਐਮ ਮੋਨਿਕਾ ਸ਼ਰਮਾ,ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਅਮਿਤ ਮੱਲ੍ਹਣ ਅਤੇ ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਿੰਦਰ ਕੌਰ ਵੀ ਹਾਜ਼ਰ ਸਨ।
ਜੇਲ੍ਹ ਦੇ ਦੌਰੇ ਦੌਰਾਨ ਜਸਟਿਸ ਬਾਹਰੀ ਨੇ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਅਤੇ ਜੇਲ੍ਹ ਦੇ ਹੋਰ ਅਧਿਕਾਰੀਆਂ ਅਤੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਜੇਲ੍ਹ ਕੈਦੀਆਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਦੇ ਨਾਲ-ਨਾਲ ਕੈਦੀਆਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ ਅਤੇ ਮੈਡੀਕਲ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਨੇ ਜੇਲ੍ਹ ਵਿੱਚ ਮਹਿਲਾ ਸੈੱਲ ਦਾ ਦੌਰਾ ਕੀਤਾ, ਜਿੱਥੇ ਮਹਿਲਾ ਬੰਦੀਆਂ ਨੇ ਹਸਤ ਕਲਾ ਅਤੇ ਫੁਲਕਾਰੀ ਦੇ ਨਮੂਨੇ ਦਿਖਾਏ।
ਜਸਟਿਸ ਸ੍ਰੀਮਤੀ ਰਿਤੂ ਬਾਹਰੀ ਨੇ ਕਿਹਾ ਕਿ ਜੇਕਰ ਜੇਲ੍ਹ ਵਿੱਚ ਬੰਦੀਆਂ ਨੂੰ ਤਰਖਾਣਾ, ਟੇਲਰਿੰਗ, ਬੇਕਰੀ, ਖੇਤੀਬਾੜੀ, ਹੈਂਡਲੂਮ, ਫੁਲਕਾਰੀ ਆਦਿ ਕੰਮਾਂ ਦੇ ਕੋਰਸਾਂ ਕਰਵਾਏ ਜਾਣ ਤਾਂ ਇਹ ਉਨ੍ਹਾਂ ਨੂੰ ਦੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਸਮੇਤ ਚੰਗੇ ਇਨਸਾਨ ਬਣਕੇ ਅੱਗੇ ਵਧਣ ਵਿੱਚ ਮਦਦ ਕਰੇਗਾ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੰਦੀ ਜੇਲਾਂ ਤੋਂ ਰਿਹਾਅ ਹੋ ਕੇ ਸਮਾਜ ਵਿੱਚ ਵਾਪਸ ਆ ਕੇ, ਆਪਣਾ ਜੀਵਨ ਚੰਗਾ ਬਸਰ ਕਰ ਸਕਦੇ ਹਨ ਅਤੇ ਭਵਿੱਖ ਵਿੱਚ ਅਪਰਾਧਾਂ ਤੋਂ ਦੂਰ ਰਹਿਣਗੇ। ਜਸਟਿਸ ਬਾਹਰੀ ਨੇ ਜੇਲ੍ਹ ਕਰੈਚ ਅਤੇ ਰੇਡੀਓ ਸਟੇਸ਼ਨ ਦਾ ਵੀ ਦੌਰਾ ਕੀਤਾ।
![](https://punjabi.wishavwarta.in/wp-content/uploads/2022/03/292e6fcd-5497-4af9-b655-033b0e69d4f5.jpg)
ਇਸ ਦੌਰਾਨ ਜਸਟਿਸ ਸ੍ਰੀਮਤੀ ਰਿਤੂ ਬਾਹਰੀ ਨੇ ਕੋਰਟ ਕੰਪਲੈਕਸ ਦਾ ਵੀ ਦੌਰਾ ਕਰਕੇ ਸੈਸ਼ਨ ਡਵੀਜ਼ਨ ਪਟਿਆਲਾ ਦੇ ਸਮੂਹ ਜੱਜਾਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਨਿਆਂਇਕ ਅਧਿਕਾਰੀਆਂ ਨੂੰ ਨਿਆਂਇਕ ਕੰਮਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਜਸਟਿਸ ਰਿਤੂ ਬਾਹਰੀ ਨੇ ਲੋਕਾਂ ਨੂੰ ਜਲਦੀ ਨਿਆਂ ਪ੍ਰਦਾਨ ਕਰਨ ਦੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਹਰ ਸੰਭਵ ਉਪਚਾਰਕ ਕਦਮ ਚੁੱਕੇ ਜਾਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਜਸਟਿਸ ਰਿਤੂ ਬਾਹਰੀ ਬਾਰ ਰੂਮ, ਵੀ ਗਏ, ਜਿੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਤਿੰਦਰਪਾਲ ਸਿੰਘ ਘੁਮਾਣ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਜਸਟਿਸ ਬਾਹਰੀ ਨੇ ਵਕੀਲਾਂ ਨਾਲ ਗੱਲਬਾਤ ਵੀ ਕੀਤੀ।