ਹਰਿਆਣਾ ਸਰਕਾਰ ਵੱਲੋਂ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ
ਚੰਡੀਗੜ੍ਹ, 19 ਨਵੰਬਰ(ਵਿਸ਼ਵ ਵਾਰਤਾ)-ਹਰਿਆਣਾ ਸਰਕਾਰ ਨੇ ਯੂਟੀ ਪ੍ਰਸ਼ਾਸਨ ਤੋਂ ਆਪਣੀ ਵੱਖਰੀ ਵਿਧਾਨ ਸਭਾ ਦੀ ਉਸਾਰੀ ਲਈ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੀ ਮੰਗ ਕੀਤੀ ਹੈ। ਇਸ ਸਬੰਧੀ ਮੁੱਖ ਸਕੱਤਰ ਵੱਲੋਂ ਯੂਟੀ ਐਡਵਾਈਜ਼ਰ ਧਰਮਪਾਲ ਨੂੰ ਪੱਤਰ ਲਿਖਿਆ ਗਿਆ ਹੈ। ਜਿਸ ‘ਚ ਮੱਧ ਮਾਰਗ-ਰੇਲਵੇ ਸਟੇਸ਼ਨ ਰੋਡ ਜੰਕਸ਼ਨ ਦੀ ਟ੍ਰੈਫਿਕ ਲਾਈਟਾਂ ਦੇ ਨਾਲ ਲੱਗਦੀ 10 ਏਕੜ ਜ਼ਮੀਨ ਸਰਕਾਰ ਨੇ ਮੰਗੀ ਹੈ। ਜ਼ਿਕਰਯੋਗ ਹੈ ਕਿ ਜੂਨ ਵਿੱਚ ਹਰਿਆਣਾ ਸਰਕਾਰ ਨੇ ਇੱਕ ਮੀਟਿੰਗ ਵਿੱਚ ਯੂਟੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੀ ਵਿਧਾਨ ਸਭਾ ਭਵਨ ਦੀ ਉਸਾਰੀ ਲਈ ਜ਼ਮੀਨ ਦੇ ਬਦਲੇ ਜ਼ਮੀਨ ਦੇ ਆਧਾਰ ‘ਤੇ 10 ਏਕੜ ਜਗ੍ਹਾ ਉਨ੍ਹਾਂ ਨੂੰ ਉਪਲਬਧ ਕਰਵਾਏ। ਇਹ ਵੀ ਚਰਚਾ ਹੋਈ ਕਿ ਹਰਿਆਣਾ ਸਰਕਾਰ ਯੂ.ਟੀ. ਨੂੰ ਬਰਾਬਰ ਮੁੱਲ ਦੀ ਜ਼ਮੀਨ ਦੀ ਪੇਸ਼ਕਸ਼ ਕਰਕੇ ਜ਼ਮੀਨ ਦੀ ਅਦਾਇਗੀ ਕਰੇਗੀ। ਦੱਸ ਦੱਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰੀ ਜ਼ੋਨਲ ਕੌਂਸਲ ਦੀ 30ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਲਾਨ ਕੀਤਾ ਸੀ ਕਿ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਇਮਾਰਤ ਲਈ ਚੰਡੀਗੜ੍ਹ ਵਿੱਚ ਜ਼ਮੀਨ ਦਿੱਤੀ ਜਾਵੇਗੀ।