ਹਰਿਆਣਾ ਵਿਧਾਨ ਸਭਾ ਮਾਨਸੂਨ ਸੈਸ਼ਨ, 20 ਅਗਸਤ ਤੋਂ ਹੋਵੇਗਾ ਆਰੰਭ
ਬਣਾਈ ਗਈ 6 ਮੈਂਬਰੀ ਕਮੇਟੀ
ਸੁਰੱਖਿਆ ਪ੍ਰਬੰਧਾਂ ਨੂੰ ਬਣਾਵੇਗੀ ਯਕੀਨੀ
ਚੰਡੀਗੜ੍ਹ, 17ਅਗਸਤ(ਵਿਸ਼ਵ ਵਾਰਤਾ)- 20 ਅਗਸਤ ਤੋਂ ਹੋਣ ਵਾਲੇ ਸੈਸ਼ਨ ਵਿੱਚ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀ ਸੁਰੱਖਿਆ ਲਈ ਦੋਵਾਂ ਰਾਜਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ 6ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮਾਨਸੂਨ ਸੈਸ਼ਨ ਦੌਰਾਨ ਹਰਿਆਣਾ-ਪੰਜਾਬ ਵਿਧਾਨ ਸਭਾ ਦੀਆਂ ਸੱਤ ਸਾਂਝੀਆਂ ਸੜਕਾਂ ਤੇ ਅਸਥਾਈ ਬੈਰੀਕੇਡਿੰਗ ਕੀਤੀ ਜਾਵੇਗੀ।ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਸੋਮਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕਈ ਫੈਸਲੇ ਲਏ ਗਏ। ਸੁਰੱਖਿਆ ਲਈ ਬਣਾਈ ਕਮੇਟੀ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਐਸਪੀ ਪੱਧਰ ਦੇ ਪੁਲਿਸ ਅਧਿਕਾਰੀ, ਵਿਧਾਨ ਸਭਾ ਦੇ ਸੁਰੱਖਿਆ ਮੁਖੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨੋਡਲ ਅਧਿਕਾਰੀ ਸ਼ਾਮਲ ਹੋਣਗੇ। ਸੈਸ਼ਨ ਦੌਰਾਨ ਪਾਰਕਿੰਗ ਦੇ ਪ੍ਰਬੰਧਾਂ ਬਾਰੇ ਵੀ ਯੋਜਨਾ ਬਣਾਈ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਡਿਊਟੀ ਮੈਜਿਸਟਰੇਟ ਮਾਨਸੂਨ ਸੈਸ਼ਨ ਦੌਰਾਨ ਰੋਜ਼ਾਨਾ ਵਿਧਾਨ ਸਭਾ ਦੇ ਕੰਟਰੋਲ ਰੂਮ ਨੂੰ ਰਿਪੋਰਟ ਕਰਨਗੇ। ਸੁਰੱਖਿਆ ਪ੍ਰਬੰਧਾਂ ਦੇ ਸੰਬੰਧ ਵਿੱਚ ਤਾਇਨਾਤ ਕਰਮਚਾਰੀਆਂ ਵਿੱਚ ਤਾਲਮੇਲ ਕਾਇਮ ਕਰਨ ਲਈ ਇੱਕ ਵਟਸਐਪ ਸਮੂਹ ਵੀ ਬਣਾਇਆ ਜਾਵੇਗਾ। ਸਿਰਫ ਅਧਿਕਾਰਤ ਵਾਹਨ ਹੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋ ਸਕਣਗੇ। ਇਸ ਨਾਲ ਭਰਪੂਰ ਜ਼ਿੰਮੇਵਾਰੀ ਸੀਆਈਐਸਐਫ ਵਿੰਗ ਦੀ ਹੋਵੇਗੀ। ਡਿਊਟੀ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਅਤੇ ਹੋਰ ਸਟਾਫ ਦੀ ਸਹੂਲਤ ਲਈ ਪਾਰਕਿੰਗ ਖੇਤਰ ਵਿੱਚ ਆਰਜ਼ੀ ਕੰਟੀਨ ਅਤੇ ਪਖਾਨਿਆਂ ਦਾ ਪ੍ਰਬੰਧ ਵੀ ਹੋਵੇਗਾ। ਵਿਧਾਨ ਸਭਾ ਦੇ ਬਾਹਰ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਵੇਗੀ।