ਚੰਡੀਗੜ੍ਹ ਦੇ ਮੁੱਦੇ ‘ਤੇ ਸਿਆਸਤ ਹੋਈ ਤੇਜ
ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ
ਥੋੜ੍ਹੀ ਦੇਰ ਵਿੱਚ ਪੰਜਾਬ ਸਰਕਾਰ ਵਿਰੁੱਧ ਮਤਾ ਪੇਸ਼ ਕਰੇਗੀ ਹਰਿਆਣਾ ਸਰਕਾਰ
ਇਕ ਵਾਰ ਫਿਰ ਤੋਂ ਭਖ ਸਕਦਾ ਹੈ ਐਸਵਾਈਐਲ ਨਹਿਰ ਦਾ ਮੁੱਦਾ
ਚੰਡੀਗੜ੍ਹ,5 ਅਪ੍ਰੈਲ(ਵਿਸ਼ਵ ਵਾਰਤਾ)- ਹਰਿਆਣਾ ਸਰਕਾਰ ਨੇ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ ਜਿਸ ਦੀ ਕਾਰਵਾਈ ਜਾਰੀ ਹੈ।
ਇਜਲਾਸ ਵਿਚ ਹਰਿਆਣਾ ਸਰਕਾਰ ਪੰਜਾਬ ਵਿਰੁੱਧ ਨਿੰਦਿਆ ਦਾ ਮਤਾ ਪੇਸ਼ ਕਰੇਗੀ ਕਿਉਂਕਿ ਪੰਜਾਬ ਨੇ ਚੰਡੀਗੜ੍ਹ ‘ਤੇ ਆਪਣਾ ਹੱਕ ਜਤਾਉਂਦੇ ਹੋਏ ਪੰਜਾਬ ਵਿਧਾਨ ਸਭਾ ਵਿਚ ਮਤਾ ਪੇਸ਼ ਕੀਤਾ ਸੀ। ਇਸ ਦੇ ਵਿਰੋਧ ਵਿੱਚ ਹਰਿਆਣਾ ਸਰਕਾਰ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਿੰਦਾ ਮਤਾ,ਐਸਵਾਈਐਲ ਨਹਿਰ ਨੂੰ ਲੈ ਕੇ ਮਤਾ ਅਤੇ 400 ਹਿੰਦੀ ਭਾਸ਼ੀ ਪਿੰਡਾਂ ਨੂੰ ਹਰਿਆਣਾ ਵਿੱਚ ਸ਼ਾਮਲ ਕਰਨ ਲਈ ਮਤਾ ਪੇਸ਼ ਕੀਤਾ ਜਾਵੇਗਾ। ਵਿਸ਼ੇਸ਼ ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਨੇ ਬਾਅਦ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਵੀ ਬੁਲਾਈ ਹੈ, ਜਿਸ ‘ਚ ਕਈ ਅਹਿਮ ਮਾਮਲਿਆਂ ‘ਤੇ ਫੈਸਲੇ ਲਏ ਜਾਣਗੇ।
ਪੰਜਾਬ ਅਤੇ ਹਰਿਆਣਾ ਦਰਮਿਆਨ ਰਾਜਧਾਨੀ ਅਤੇ ਐਸਵਾਈਐਲ ਦਾ ਮੁੱਦਾ ਸਾਲਾਂ ਪੁਰਾਣਾ ਹੈ। ਇਹ ਵਿਵਾਦ 1966 ਦਾ ਹੈ, ਜਦੋਂ ਪੰਜਾਬ-ਹਰਿਆਣਾ ਵੱਖਰੇ ਤੌਰ ‘ਤੇ ਬਣੇ ਸਨ। ਪੰਜਾਬ ਨੇ 56 ਸਾਲਾਂ ਵਿੱਚ 7ਵੀਂ ਵਾਰ ਵਿਧਾਨ ਸਭਾ ਵਿੱਚ ਇਹ ਮਤਾ ਪੇਸ਼ ਕੀਤਾ। 1967, 1970, 1978, 1985, 1986, 2014 ‘ਚ ਵੀ ਪੰਜਾਬ ਨੇ ਮਤਾ ਪਾਸ ਕੀਤਾ, ਜਦਕਿ ਹਰਿਆਣਾ ਨੇ ਸਾਲ 2000 ਤੋਂ ਲੈ ਕੇ ਹੁਣ ਤੱਕ 5 ਵਾਰ ਐਸਵਾਈਐਲ ਨਹਿਰ ‘ਤੇ ਮਤਾ ਪਾਸ ਕੀਤਾ ਹੈ।