ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਦਿੱਤਾ ਅਸਤੀਫਾ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 1ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਦੇ ਖੇਡ ਮੰਤਰੀ ਅਤੇ ਓਲੰਪੀਅਨ ਸੰਦੀਪ ਸਿੰਘ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਤਵਾਰ ਨੂੰ ਇਸ ਗੱਲ ਦਾ ਖੁਲਾਸਾ ਹੋਇਆ ਕਿ ਚੰਡੀਗੜ੍ਹ ‘ਚ ਮਹਿਲਾ ਕੋਚ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਾਬਕਾ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਸਵੇਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਸੰਦੀਪ ਨੇ ਕਿਹਾ ਕਿ ਉਸ ‘ਤੇ ਲੱਗੇ ਦੋਸ਼ ਇਕ ਸਾਜ਼ਿਸ਼ ਹਨ।
ਖੇਡ ਵਿਭਾਗ ਦੇ ਜੂਨੀਅਰ ਮਹਿਲਾ ਕੋਚ ਨੇ ਸੰਦੀਪ ਖਿਲਾਫ ਸ਼ਿਕਾਇਤ ਕੀਤੀ ਸੀ। ਜਿਸ ‘ਚ ਖੇਡ ਮੰਤਰੀ ‘ਤੇ ਉਨ੍ਹਾਂ ਨਾਲ ਛੇੜਛਾੜ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਸਨ।ਚੰਡੀਗੜ੍ਹ ਦੇ ਸੈਕਟਰ 26 ਥਾਣੇ ਵਿੱਚ ਦਰਜ ਕੇਸ ਵਿੱਚ ਆਈਪੀਸੀ ਦੀਆਂ ਧਾਰਾਵਾਂ 354, 354ਏ, 354ਬੀ, 342 ਅਤੇ 506 ਦੀ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ ਪੁਲੀਸ ਅਨੁਸਾਰ ਕੇਸ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਸਤੀਫਾ ਦੇਣ ਤੋਂ ਬਾਅਦ ਸੰਦੀਪ ਸਿੰਘ ਨੇ ਕਿਹਾ ਕਿ ਮੇਰਾ ਅਕਸ ਖਰਾਬ ਕਰਨ ਲਈ ਮਾਹੌਲ ਬਣਾਇਆ ਜਾ ਰਿਹਾ ਹੈ। ਇਕ ਜੂਨੀਅਰ ਮਹਿਲਾ ਕੋਚ ਨੇ ਮੇਰੇ ‘ਤੇ ਦੋਸ਼ ਲਗਾਏ ਹਨ। ਨੈਤਿਕਤਾ ਦੇ ਆਧਾਰ ‘ਤੇ ਮੈਂ ਆਪਣਾ ਖੇਡ ਵਿਭਾਗ ਮੁੱਖ ਮੰਤਰੀ ਨੂੰ ਸੌਂਪਿਆ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੁੱਖ ਮੰਤਰੀ ਅਗਲਾ ਫੈਸਲਾ ਲੈਣਗੇ।