ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ
ਚੰਡੀਗੜ੍ਹ, 1ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਦੇ ਖੇਡ ਮੰਤਰੀ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਮਹਿਲਾ ਕੋਚ ਛੇੜਛਾੜ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਵਰਣਨ ਯੋਗ ਹੈ ਕਿ ਹਰਿਆਣਾ ‘ਚ ਨਿਯੁਕਤ ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਸੰਦੀਪ ਸਿੰਘ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖੇਡ ਮੰਤਰੀ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਛੇੜਛਾੜ ਕੀਤੀ। ਮਹਿਲਾ ਕੋਚ ਨੇ ਦੱਸਿਆ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਸੀ। ਖੇਡ ਮੰਤਰੀ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਸਾਰੀਆਂ ਸਹੂਲਤਾਂ ਅਤੇ ਲੋੜੀਂਦੀ ਜਗ੍ਹਾ ‘ਤੇ ਤਾਇਨਾਤੀ ਮਿਲੇਗੀ। ਕੋਚ ਨੇ ਦੋਸ਼ ਲਾਇਆ ਕਿ ਜਦੋਂ ਮੈਂ ਮੰਤਰੀ ਸੰਦੀਪ ਸਿੰਘ ਦੀ ਗੱਲ ਨਹੀਂ ਸੁਣੀ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਸਿਖਲਾਈ ਬੰਦ ਕਰ ਦਿੱਤੀ ਗਈ।