ਹਰਿਆਣਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਸਮਿਤੀ ਮੈਂਬਰਾਂ ਦੀ ਚੋਣ ਦੇ ਨਤੀਜੇ ਅੱਜ
ਚੰਡੀਗੜ੍ਹ, 27 ਨਵੰਬਰ(ਵਿਸ਼ਵ ਵਾਰਤਾ)- ਹਰਿਆਣਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਮੈਂਬਰਾਂ ਦੀ ਚੋਣ ਦੇ ਨਤੀਜੇ ਅੱਜ ਐਤਵਾਰ ਨੂੰ ਆਉਣਗੇ। ਗੌਰਤਲਬ ਹੈ ਕਿ 411 ਜ਼ਿਲ੍ਹਾ ਪ੍ਰੀਸ਼ਦ ਅਤੇ 3081 ਪੰਚਾਇਤ ਸੰਮਤੀ ਸੀਟਾਂ ਲਈ ਚੋਣਾਂ ਹੋਈਆਂ ਹਨ। ਸਵੇਰੇ 8 ਵਜੇ ਤੋਂ ਸਾਰੇ 22 ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਬੈਲਟ ਪੇਪਰਾਂ ਦੀ ਗਿਣਤੀ ਸਵੇਰੇ 9 ਵਜੇ ਤੱਕ ਹੋਵੇਗੀ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਪਈਆਂ ਵੋਟਾਂ ਦੀ ਗਿਣਤੀ ਹਰੇਕ ਬਲਾਕ ਪੱਧਰ ‘ਤੇ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ ਵਿੱਚ ਲੱਗੇ ਸਾਰੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਵੀ ਕਾਰਨ ਕਿਸੇ ਵੀ ਈਵੀਐਮ ਵਿੱਚ ਕੋਈ ਨੁਕਸ ਪਾਇਆ ਜਾਂਦਾ ਹੈ, ਤਾਂ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਇੰਜੀਨੀਅਰ ਮੌਜੂਦ ਰਹਿਣਗੇ।