ਹਰਿਆਣਾ ’ਚ ਬਣਾਇਆ ਜਾਵੇਗਾ ਸਿੱਖ ਗੁਰੂਆਂ ਨੂੰ ਸਮਰਪਿਤ ਮਿਊਜ਼ੀਅਮ
ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ ਐਲਾਨ
ਚੰਡੀਗੜ੍ਹ, 11 ਅਪ੍ਰੈਲ(ਵਿਸ਼ਵ ਵਾਰਤਾ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਇਕ ਮਿਊਜ਼ੀਅਮ ਦੇ ਨਿਰਮਾਣ ਦਾ ਐਲਾਨ ਕੀਤਾ, ਜਿਸ ‘ਚ ਸਿੱਖ ਗੁਰੂਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਉਜਾਗਰ ਕੀਤਾ ਜਾਵੇਗਾ। ਕਰਨਾਲ ‘ਚ ਗੁਰਦੁਆਰਾ ਡੇਰਾ ਕਾਰ ਸੇਵਾ ਕਾਲੰਦਰੀ ਗੇਟ ‘ਤੇ ਸ਼ਰਧਾਲੂਆਂ ਨੂੰ ਸੰਬੋਧਨ ਕਰਨ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਹ ਐਲਾਨ ਕੀਤਾ। ਸਰਕਾਰ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਕਿ ਇਹ ਬੈਠਕ 24 ਅਪ੍ਰੈਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਦੇ 100ਵੇਂ ਪ੍ਰਕਾਸ਼ ਪੁਰਬ ‘ਤੇ ਆਯੋਜਿਤ ਹੋਣ ਵਾਲੇ ਸਮਾਗਮ ‘ਤੇ ਚਰਚਾ ਲਈ ਬੁਲਾਈ ਗਈ ਸੀ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਮੁਗਲ ਸ਼ਾਸਨ ਦੌਰਾਨ ਦੇਸ਼ ਵਾਸੀਆਂ ਨੂੰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਗੁਰੂਆਂ ਦੀਆਂ ਕੁਰਬਾਨੀਆਂ ਸਦਕਾ ਹੀ ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਗੁਰੂਆਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖਦਿਆਂ ਹੁਣ ਹਰਿਆਣਾ ਦੀ ਮੌਜੂਦਾ ਸਰਕਾਰ ਨੇ ਸੰਤ ਮਹਾਂਪੁਰਸ਼ ਵਿਚਾਰ ਪ੍ਰਸਾਰ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਮਹਾਂਪੁਰਖਾਂ ਅਤੇ ਗੁਰੂਆਂ ਦੇ ਪ੍ਰਕਾਸ਼ ਪੁਰਬ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਹੈ।