ਹਰਦੀਪ ਨਿੱਝਰ ਦੇ ਲਈ ਕੈਨੇਡਾ ਦੀ ਸੰਸਦ ਵਿੱਚ ਰੱਖਿਆ ਮੌਨ, ਭਾਰਤ ਨੇ ਵੀ ਉਸੇ ਭਾਸ਼ਾ ਵਿੱਚ ਦਿੱਤਾ ਜਵਾਬ
ਨਵੀਂ ਦਿੱਲੀ, 21 ਜੂਨ (ਵਿਸ਼ਵ ਵਾਰਤਾ):- ਭਾਰਤ ਨੇ 21 ਜੂਨ ਨੂੰ ਕੈਨੇਡੀਅਨ ਸੰਸਦ ਵੱਲੋਂ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ “ਇੱਕ ਮਿੰਟ ਦਾ ਮੌਨ” ਰੱਖਣ ਦਾ ਵਿਰੋਧ ਕੀਤਾ ਹੈ। ਹਰਦੀਪ ਨਿੱਝਰ ਨੂੰ ਪਿਛਲੇ ਸਾਲ ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ”ਅਸੀਂ ਅੱਤਵਾਦ ਨੂੰ ਸਿਆਸੀ ਥਾਂ ਦੇਣ ਅਤੇ ਹਿੰਸਾ ਦੀ ਵਕਾਲਤ ਕਰਨ ਵਾਲੇ ਕਿਸੇ ਵੀ ਕਦਮ ਦਾ ਵਿਰੋਧ ਕਰਦੇ ਹਾਂ।” ਇੱਕ ਅਸਾਧਾਰਨ ਕਦਮ ਵਿੱਚ, ਕੈਨੇਡੀਅਨ ਸੰਸਦ ਨੇ ਦੋ ਦਿਨ ਪਹਿਲਾਂ ਨਿੱਝਰ ਦੀ ਯਾਦ ਵਿੱਚ “ਇੱਕ ਮਿੰਟ ਦਾ ਮੌਨ” ਰੱਖਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵਿਤ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਭਾਰੀ ਤਣਾਅ ਆ ਗਿਆ ਸੀ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਕੈਨੇਡਾ ਦੇ ਨਾਲ ਭਾਰਤ ਦਾ ਮੁੱਖ ਮੁੱਦਾ ਉਹ ਸਿਆਸੀ ਮਹੱਤਵ ਹੈ ਜੋ ਕੈਨੇਡਾ ਭਾਰਤ ਵਿਰੋਧੀ ਤੱਤਾਂ ਨੂੰ ਮੁਹੱਈਆ ਕਰਵਾਉਂਦਾ ਹੈ ਜੋ, ਅੱਤਵਾਦ ਅਤੇ ਹਿੰਸਾ ਦੀ ਵਕਾਲਤ ਕਰਦੇ ਹਨ।