ਹਮਾਸ ਨੇ ਇਜ਼ਰਾਈਲ ਨਾਲ ਜੰਗਬੰਦੀ ਸਮਝੌਤੇ ਨੂੰ ਠੁਕਰਾਇਆ
ਦਿੱਲੀ ,12 ਜੂਨ (ਵਿਸ਼ਵ ਵਾਰਤਾ) ਗਾਜ਼ਾ ਦੇ ਬਿਨ ਲਾਦੇਨ ਵਜੋਂ ਜਾਣੇ ਜਾਂਦੇ ਹਮਾਸ ਦੇ ਮੁਖੀ ਯਾਹਿਆ ਸਿਨਵਰ ਨੇ ਇਜ਼ਰਾਈਲ ਨਾਲ ਜੰਗਬੰਦੀ ਲਈ ਵੱਡੀ ਸ਼ਰਤ ਰੱਖੀ ਹੈ। ਹਮਾਸ ਨੇ ਅਮਰੀਕੀ ਪਹਿਲਕਦਮੀ ਤਹਿਤ ਭੇਜੇ ਗਏ ਜੰਗਬੰਦੀ ਪ੍ਰਸਤਾਵ ‘ਤੇ ਆਪਣਾ ਜਵਾਬ ਕਤਰ ‘ਚ ਆਪਣੇ ਸਿਆਸੀ ਦਫਤਰ ਰਾਹੀਂ ਭੇਜਿਆ ਹੈ। ਇਸ ਵਿਚ ਹਮਾਸ ਨੇ ਰਫਾਹ ਕਰਾਸਿੰਗ ਅਤੇ ਫਿਲਾਡੇਲਫੀਆ ਕੋਰੀਡੋਰ ਤੋਂ ਇਜ਼ਰਾਈਲੀ ਫੌਜਾਂ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਲਈ ਜੰਗਬੰਦੀ ਦੀ ਸ਼ਰਤ ਰੱਖੀ ਹੈ। ਹਮਾਸ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਕਿਸੇ ਵੀ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ, ਜਿਸ ਵਿਚ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਸ਼ਾਮਲ ਨਾ ਹੋਵੇ। ਕਤਰ ਦੇ ਮੀਡੀਆ ਆਉਟਲੇਟ ਅਲਜਜ਼ੀਰਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਮਾਸ ਦੀ ਹਾਲਤ ਪਹਿਲਾਂ ਹੀ ਬੰਧਕਾਂ ਨੂੰ ਲੈ ਕੇ ਦਬਾਅ ਦਾ ਸਾਹਮਣਾ ਕਰ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਲਈ ਮੁਸ਼ਕਲਾਂ ਵਧਾਉਣ ਵਾਲੀ ਹੈ।