ਪੰਚਕੂਲਾ 4 ਸਤੰਬਰ ( ਅੰਕੁਰ ਖੱਤਰੀ ) ਰਾਮ ਰਹੀਮ ਹਿੰਸਾ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਟੀਮ ਨੇ ਪੰਚਕੂਲਾ ਦੇ ਇਕ ਕੈਮਿਸਟ ਸਤਪਾਲ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ। ਉਸ ਤੋਂ 25 ਅਗਸਤ ਨੂੰ ਹੋਏ ਪੰਚਕੂਲਾ ‘ਚ ਰਾਮ ਰਹੀਮ ਦੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਾਲਾਂਕਿ ਹਰਿਆਣਾ ਪੁਲਸ ਆਈਜੀਪੀ ਲਾਅ ਐਂਡ ਆਰਡਰ ਏ.ਐਸ. ਚਾਵਲਾ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਜਾਂਚ ਦੇ ਲਿਹਾਜ਼ ਨਾਲ ਵਧ ਜਾਣਕਾਰੀ ਨਾ ਦਿੰਦੇ ਹੋਏ ਇੰਨਾ ਹੀ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਅਤੇ ਪੁੱਛਗਿੱਛ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਜਿਵੇਂ-ਜਿਵੇਂ ਇਨਪੁੱਟ ਆ ਰਹੀ ਹੈ ਉਸੇ ਹੀ ਅਧਾਰ ‘ਤੇ ਅਸੀਂ ਜਾਂਚ ਨੂੰ ਅੱਗੇ ਵਧਾ ਰਹੇ ਹਾਂ। ਸਤਪਾਲ ਸਿੰਘ ‘ਤੇ ਦੋਸ਼ ਹੈ ਕਿ ਉਸਨੇ ਹਨੀਪ੍ਰੀਤ ਨੂੰ ਸ਼ਰਨ ਦਿੱਤੀ ਸੀ। ਹਰਿਆਣਾ ਪੁਲਸ ਦੀ ਐਸਆਈਟੀ ਟੀਮ ਨੇ ਸਤਪਾਲ ਸਿੰਘ ਦੀ ਫੋਨ ਕਾੱਲ ਦੀ ਡਿਟੇਲ ਦਾ ਰਿਕਾਰਡ ਅਤੇ ਉਸਨੂੰ ਜਾਂਚ ਦੇ ਲਈ ਕਬਜ਼ੇ ‘ਚ ਲਿਆ ਹੈ। ਉਨ੍ਹਾਂ ਨੇ ਹਨੀਪ੍ਰੀਤ ਦੇ ਮੁੰਬਈ ‘ਚ ਗ੍ਰਿਫਤਾਰ ਹੋਣ ਦੀ ਗੱਲ ‘ਤੇ ਕਿਹਾ ਕਿ ਅਜੇ ਇਸ ਤਰ੍ਹਾਂ ਦੀ ਕੋਈ ਕਨਫਰਮੇਸ਼ਨ ਨਹੀਂ ਹੋਈ ਹੈ।