ਸੱਤਾ ਦਾ ਲਾਲਚ ਨਹੀਂ, ਲੋਕ ਸੇਵਾ ਹੀ ਉਦੇਸ਼ ਹੈ: ਗੁਰਮੀਤ ਖੁੱਡੀਆਂ
ਵੋਟਰਾਂ ਨੂੰ ਭਾਵੁਕਤਾ, ਧਨ ਅਤੇ ਨਸ਼ੇ ਨੂੰ ਠੁਕਰਾ ਕੇ ਵੋਟ ਪਾਉਣ ਦੀ ਅਪੀਲ; ਵਿਕਾਸ ਦੀ ਪਟੜੀ ’ਤੇ ਚੜ੍ਹਾ ਕੇ ਬਠਿੰਡੇ ਨੂੰ ਬਣਾਵਾਂਗੇ ਖ਼ੂਬਸੂਰਤ ਹਲਕਾ; ਤੁਹਾਡੇ ਵਿਸ਼ਵਾਸ਼ ’ਤੇ ਖ਼ਰਾ ਉੱਤਰਨ ਲਈ ਦਿਨ-ਰਾਤ ਇੱਕ ਕਰ ਦਿਆਂਗਾ
ਬਠਿੰਡਾ, 30 ਮਈ (ਵਿਸ਼ਵ ਵਾਰਤਾ): ਅੱਜ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਪਾਰਲੀਮਾਨੀ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਤੂਫ਼ਾਨੀ ਦੌਰਾ ਕਰਦਿਆਂ ਤਿੰਨ ਦਰਜਨ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਫ਼ੈਸਲਾਕੁੰਨ ਦਿਨ ਵਿਚਾਲੇ ਸਿਰਫ ਇੱਕ ਦਿਨ ਬਾਕੀ ਹੈ, ਹੁਣ ਪੰਜਾਬ ਦੇ ਅਣਖ਼ੀਲੇ ਲੋਕ ਅਗਲੇ ਪੰਜ ਸਾਲਾਂ ਲਈ ਆਪਣੇ ਹੱਥੀਂ ਆਪਣਾ ਭਵਿੱਖ ਲਿਖ਼ਣਗੇ। ਉਨ੍ਹਾਂ ਵੋਟਰਾਂ ਸੁਚੇਤ ਕੀਤਾ ਕਿ ਅਗਲੇ ਦੋ ਦਿਨ ਸੱਤਾ ਦੇ ਵਪਾਰੀ ਤੁਹਾਨੂੰ ਧਨ ਅਤੇ ਨਸ਼ੇ ਦਾ ਲਾਲਚ ਦੇਣਗੇ ਪਰ ਤੁਹਾਨੂੰ ਪੰਜਾਬ ਦਾ ਵਾਸਤਾ ਹੈ ਕਿ ਉਸ ਜ਼ਹਿਰ ਨੂੰ ਠੁਕਰਾ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਫ਼ਤਵਾ ਦੇਣਾ।
ਸ੍ਰੀ ਖੁੱਡੀਆਂ ਨੇ ਪੁਰਜ਼ੋਰ ਦਾਅਵਾ ਕੀਤਾ ਕਿ ਕੇਂਦਰ ਵਿੱਚ ਬਣਨ ਜਾ ਰਹੀ ‘ਇੰਡੀਆ’ ਗੱਠਜੋੜ ਦੀ ਸਰਕਾਰ ਦੇਸ਼ ਨੂੰ ਤਾਨਾਸ਼ਾਹੀ ਦੇ ਚੁੰਗਲ ਵਿੱਚੋਂ ਕੱਢ ਕੇ ਆਜ਼ਾਦ ਕਰਵਾਏਗੀ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਨਿਰਣਾਇਕ ਹੋਵੇਗੀ, ਇਸ ਲਈ ਪੰਜਾਬ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਦੇ ਹਿਤ ਲਈ ਸੰਸਦ ਵਿੱਚ ਪੰਜਾਬ ’ਚੋਂ ਚੰਗੇ ਨੁਮਾਇੰਦੇ ਚੁਣ ਕੇ ਭੇਜਣ, ਜੋ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਦਮਦਾਰ ਆਵਾਜ਼ ਬਣ ਸਕਣ। ਸ੍ਰੀ ਖੁੱਡੀਆਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਅੰਦੋਲਨ ’ਚੋਂ ਪੈਦਾ ਹੋਈ ਪਾਰਟੀ ਹੈ, ਜਿਸ ਦਾ ਮਕਸਦ ਲੋਕ ਸੇਵਾ ਹੈ। ਉਨ੍ਹਾਂ ਕਿਹਾ ਕਿ ਕੁਫ਼ਰ ਤੋਲ ਕੇ ਜਾਂ ਫ਼ਰੇਬ ਕਰਕੇ ਸੱਤਾ ’ਤੇ ਕਾਬਜ਼ ਹੋਣਾ ਪਾਰਟੀ ਦਾ ਮਕਸਦ ਹਰਗਿਜ਼ ਨਹੀਂ। ਉਨ੍ਹਾਂ ਬੜੇ ਮਾਣ ਨਾਲ ਆਸ ਪ੍ਰਗਟਾਈ ਕਿ ਪੰਜਾਬੀ ਬੜੇ ਸੂਝਵਾਨ ਤੇ ਦਰਿਆ ਦਿਲ ਹਨ। ਇਹ ਦੂਰਅੰਦੇਸ਼ੀ ਫੈਸਲਾ ਲੈ ਕੇ ਪੰਜਾਬ ਦੀ ਭਲਾਈ ਵਿੱਚ ਗੂੜ੍ਹਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਭਾਵੁਕ ਬਹੁਤ ਹਨ, ਪਰ ਇਹ ਅਗਲੇ ਪੰਜ ਸਾਲਾਂ ਦੇ ਭਵਿੱਖ ਦਾ ਮਸਲਾ ਹੋਣ ਕਰਕੇ ਭਾਵੁਕਤਾ ਨੂੰ ਤਿਆਗ ਕੇ ਅਤੇ ਅਸਲੀਅਤ ਵਾਚ ਕੇ ਹੀ ਵੋਟ ਪਾਉਣੀ ਚਾਹੀਦੀ ਹੈ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਸੱਤਰ ਸਾਲਾਂ ਤੋਂ ਵਾਰੀ ਬੰਨ੍ਹ ਕੇ ਸੰਸਦ ਮੈਂਬਰ ਬਣਦੇ ਆ ਰਹੇ ਰਵਾਇਤੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੰਜਾਬੀਆਂ ਨੇ ਚੰਗੀ ਤਰ੍ਹਾਂ ਘੋਖ ਲਿਆ ਹੈ ਅਤੇ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ’ਤੇ ਜਿਤਾ ਕੇ ‘ਆਪ’ ਦੇ ਲੋਕ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਨੂੰ ਪੰਜ ਸਾਲਾਂ ਲਈ ਅਜ਼ਮਾਉਣਗੇ। ਸ੍ਰੀ ਖੁੱਡੀਆਂ ਨੇ ‘ਆਪ’ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਦਾ ਦੋ ਸਾਲਾਂ ਦਾ ਵਿਕਾਸ ਮੁਖੀ ਰਿਪੋਰਟ ਕਾਰਡ ਹੈ, ਜਿਸ ਵਿੱਚ 45 ਹਜ਼ਾਰ ਬਗ਼ੈਰ ਸਿਫ਼ਾਰਸ਼ ਤੇ ਰਿਸ਼ਵਤ ਦੇ ਨੌਕਰੀਆਂ, 90 ਪ੍ਰਤੀਸ਼ਤ ਖ਼ਪਤਕਾਰਾਂ ਦੇ ਜ਼ੀਰੋ ਬਿਜਲੀ ਬਿੱਲ, ਭਿ੍ਰਸ਼ਟਾਚਾਰ ਰਹਿਤ ਪ੍ਰਸ਼ਾਸਨ, ਆਮ ਲੋਕਾਂ ਦੀ ਸਰਕਾਰ ਤੱਕ ਪਹੁੰਚ ਵਗ਼ੈਰਾ ਅਨੇਕਾਂ ਮਦਾਂ ਸ਼ਾਮਿਲ ਹਨ।
ਸ੍ਰੀ ਖੁੱਡੀਆਂ ਨੇ ਕਿਹਾ ਬਠਿੰਡਾ ਮਾਲਵੇ ਦੀ ਰਾਜਧਾਨੀ ਕਰਕੇ ਮਸ਼ਹੂਰ ਹੈ ਅਤੇ ਉਨ੍ਹਾਂ ਦੀ ਦਿਲੀ ਖ਼ਾਹਿਸ਼ ਹੈ ਕਿ ਬਠਿੰਡਾ ਹਲਕੇ ਦਾ ਬਹੁ-ਪੱਖੀ ਵਿਕਾਸ ਕਰ ਕੇ ਸੱਚਮੁੱਚ ਰਾਜਧਾਨੀ ਦੇ ਹਾਣ ਦਾ ਬਣਾਇਆ ਜਾਵੇ ਅਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ।
ਸ੍ਰੀ ਖੁੱਡੀਆਂ ਨੇ ਅੱਜ ਹਲਕੇ ਦੇ ਪਿੰਡਾਂ ਸੇਮਾਂ, ਭੁੱਚੋ, ਲਹਿਰਾ ਬੇਗਾ, ਲਹਿਰਾ ਧੂਰਕੋਟ, ਲਹਿਰਾ ਮੁਹੱਬਤ, ਲਹਿਰਾ ਖਾਨਾ, ਚੱਕ ਬਖ਼ਤੂ, ਚੱਕ ਰਾਮ ਸਿੰਘ ਵਾਲਾ, ਚੱਕ ਫ਼ਤਿਹ ਸਿੰਘ ਵਾਲਾ, ਤੁੰਗਵਾਲੀ, ਭੁੱਚੋ ਮੰਡੀ ਆਦਿ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।